ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੀ ਬਿਹਾਰ ਪੁਲਿਸ, ਜਾਣੋ ਕੀ ਹੈ ਮਾਮਲਾ

0
151

ਅੰਮ੍ਰਿਤਸਰ ,20 ਜੂਨ(ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਲਾਸ਼ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਘਰ ਪਹੁੰਚੀ। ਪੁਲਿਸ ਟੀਮ ਤਿੰਨ ਦਿਨਾਂ ਤੋਂ ਸਿੱਧੂ ਦੀ ਰਿਹਾਇਸ਼ ਦੇ ਚੱਕਰ ਕੱਟ ਰਹੀ ਹੈ, ਪਰ ਸਿੱਧੂ ਸਾਹਬ ਪਤਾ ਨਹੀਂ ਕਿੱਥੇ ਗਾਇਬ ਹਨ ਤੇ ਪੁਲਿਸ ਨੂੰ ਸਿੱਧੂ ਪੱਖ ਕੋਈ ਜਵਾਬ ਨਹੀਂ ਮਿਲ ਰਿਹਾ। ਦੱਸ ਦਈਏ ਕਿ ਬਿਹਾਰ ਪੁਲਿਸ ਦੀ ਟੀਮ ਕਟਿਹਾਰ ਵਿੱਚ ਸਿੱਧੂ ਖਿਲਾਫ ਦਰਜ ਕੀਤੇ ਕੇਸ ਦੇ ਸਬੰਧ ਵਿੱਚ ਇੱਥੇ ਆਈ ਹੈ। ਖ਼ਬਰਾਂ ਨੇ ਕਿ ਪੁਲਿਸ ਟੀਮ ਇਸ ਕੇਸ ਵਿਚ ਉਨ੍ਹਾਂ ਨੂੰ ਜ਼ਮਾਨਤ ਦੇਣ ਲਈ ਪਹੁੰਚੀ ਹੈ।

ਦੱਸਿਆ ਜਾਂਦਾ ਹੈ ਕਿ ਬਿਹਾਰ ਪੁਲਿਸ ਦੀ ਟੀਮ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਘਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲ ਰਿਹਾ। ਜਾਣਕਾਰੀ ਮੁਤਾਬਕ ਸਿੱਧੂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਵਾਦਪੂਰਨ ਭਾਸ਼ਣ ਦੇਣ ਦੇ ਦੋਸ਼ ਵਿਚ ਕਟੀਹਾਰ ਦੇ ਵਰਸੋਈ ਥਾਣੇ ‘ਚ ਕੇਸ ਦਰਜ ਹੈ।

ਇਲਜ਼ਾਮ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਮੀਟਿੰਗ ਵਿੱਚ ਵਿਵਾਦਪੂਰਨ ਭਾਸ਼ਣ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਮੈਜਿਸਟਰੇਟ ਦੇ ਬਿਆਨ ’ਤੇ ਨਵਜੋਤ ਸਿੰਘ ਸਿੱਧੂ ਵਿਰੁਧ ਥਾਣਾ ਵਰਸੋਈ ਵਿੱਚ ਕੇਸ ਵੀ ਦਰਜ ਕੀਤਾ ਗਿਆ। ਹੁਣ ਪੁਲਿਸ ਨੇਤਾ ਜੀ ਦੀ ਕੋਠੀ ਦੇ ਚੱਕਰ ਲਗਾ ਰਹੀ ਹੈ। ਬਿਹਾਰ ਪੁਲਿਸ ਦਸੰਬਰ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਹਾਰ ਵਿੱਚ ਚੋਣ ਪ੍ਰਚਾਰ ਕਰਨ ਗਏ ਸੀ। ਉਸ ਦੌਰਾਨ ਉਨ੍ਹਾਂ ਨੇ ਕਟਿਹਾਰ ਵਿੱਚ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਦੇ ਹੱਕ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਇਲਜ਼ਾਮ ਹੈ ਕਿ ਇਸ ਦੌਰਾਨ ਉਨ੍ਹਾਂ ਇੱਕ ਖਾਸ ਕਮਿਊਨਿਟੀ ਨੂੰ ਭੜਕਾਉਣ ਵਾਲੀਆਂ ਗੱਲਾਂ ਕਹੀਆਂ। ਇਸ ਤੋਂ ਬਾਅਦ ਪੁਲਿਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ।

LEAVE A REPLY

Please enter your comment!
Please enter your name here