*ਨਰਮੇ ਦੀ ਗੁਲਾਬੀ ਸੁੰਡੀ ਪ੍ਰਤੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਕੈਂਪ ਲਗਾਕੇ ਕੀਤਾ ਜਾ ਰਿਹਾ ਜਾਗਰੂਕ*

0
10

ਮਾਨਸਾ, 8 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੇ ਆਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਮਾਨਸਾ ਦੇ ਪਿੰਡਾਂ ਡੇਲੂਆਣਾ, ਤਾਮਕੋਟ,ਘਰਾਂਗਣਾ ਅਤੇ ਖੋਖਰ ਕਲਾਂ ਵਿਖੇ ਖੇਤੀਬਾੜੀ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਦੁਆਰਾ ਨਰਮੇ ਦੀ ਗੁਲਾਬੀ ਸੁੰਡੀ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਅਤੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਹਰਮਨਦੀਪ ਸਿੰਘ ਨੇ ਦੱਸਿਆ ਕਿ ਨਰਮੇ ਦੇ ਖੇਤਾਂ ਵਿਚ ਕਿਤੇ ਕਿਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਸੋ ਕਿਸਾਨ ਵੀਰਾਂ ਨੂੰ ਲਗਾਤਾਰ ਆਪਣੇ ਖੇਤਾਂ ਵਿਚ ਸਰਵੇਖਣ ਕਰਨ ਦੀ ਲੋੜ ਹੈ, ਜਿਨ੍ਹਾਂ ਫੁੱਲਾਂ ਵਿਚ ਸੁੰਡੀ ਦਾ ਹਮਲਾ ਹੁੰਦਾ ਹੈ ਉਨ੍ਹਾਂ ਨੂੰ ਸੁੰਡੀ ਅੱਗੇ ਤੋ ਬੰਦ ਕਰ ਲੈਂਦੀ ਹੈ ਅਤੇ ਅੰਦਰੋ ਅੰਦਰ ਖਾਂਦੀ ਰਹਿੰਦੀ ਹੈ ਇਸ ਕਰਕੇ ਫੁੱਲਾਂ ਨੂੰ ਖੋਲ ਕੇ ਦੇਖਿਆ ਜਾਵੇ।
ਡਾ. ਸੁਖਜਿੰਦਰ ਸਿੰਘ ਅਤੇ ਡਾ. ਪਰਦੀਪ ਸਿੰਘ ਨੇ ਦੱਸਿਆ ਕਿ ਅਗੇਤੇ ਬੀਜੇ ਨਰਮੇ ਦੇ ਟੀਂਡੇ ਵੀ ਖੋਲ ਕੇ ਦੇਖੇ ਜਾਣ। ਉਨ੍ਹਾਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਫਿਲਹਾਲ ਆਰਥਿਕ ਕਗਾਰ ਤੋਂ ਥੱਲੇ ਦੱਸਿਆ ਅਤੇ ਕਿਸਾਨਾਂ ਨੂੰ ਲਗਾਤਾਰ ਮਹਿਕਮੇ ਨਾਲ ਰਾਬਤਾ ਕਾਇਮ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਜਲਦਬਾਜੀ ਵਿਚ ਜਿਆਦਾ ਖਰਚਾ ਨਾ ਕਰਿਆ ਜਾਵੇ ਸਗੋਂ ਆਪਣੇ ਆਪਣੇ ਖੇਤਾਂ ਦੇ ਹਾਲਾਤ ਮੁਤਾਬਕ ਕੀਟਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਖੇਤ ਦੇ ਸਰਵੇਖਣ ਦੌਰਾਨ ਜੇਕਰ 100 ਫੁੱਲਾਂ ਪਿੱਛੇ 5 ਫੁੱਲ ਸੁੰਡੀ ਦੁਆਰਾ ਬੰਦ ਕੀਤੇ ਹੋਏ (ਰੋਜੋਟੈਡ) ਪਾਏ ਜਾਂਦੇ ਹਨ ਭਾਵ  ਸੁੰਡੀ ਦਾ ਹਮਲਾ 5  ਫੀਸਦੀ ਤੱਕ ਹੁੰਦਾ ਹੈ ਤਾਂ ਪ੍ਰੋਫੈਨੋਫ਼ੋਸ 500 ਮਿਲੀ,ਇੰਡੋਕਸਾਕਾਰਬ 200 ਮਿਲੀ, ਏਥਿਓਨ 800 ਮਿਲੀ, ਫ਼ੇਮ 40 ਮਿਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।
ਇਸ ਮੌਕੇ ਪਰਾਗਦੀਪ ਸਿੰਘ ਬੀ.ਟੀ.ਐਮ, ਹਰਚੇਤ ਸਿੰਘ ਏ.ਐਸ.ਆਈ,ਦਵਿੰਦਰ ਸਿੰਘ ਏ.ਐਸ.ਆਈ ਅਤੇ ਗੁਰਬਖ਼ਸ ਸਿੰਘ ਏ.ਐਸ.ਆਈ ਵੀ ਮੌਜੂਦ ਸਨ।

LEAVE A REPLY

Please enter your comment!
Please enter your name here