ਮਾਨਸਾ, 09 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ ):
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਨਰਮੇਂ ਦੀ ਕਾਸ਼ਤ ਸਬੰਧੀ ਕਿਸਾਨਾਂ ਦੇ ਗਿਆਨ ਵਿੱਚ ਵਾਧੇ ਲਈੇ ਆਰ.ਜੀ.ਆਰ.ਸੈੱਲ., ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗਿਆਨ ਵਧਾਊ ਯਾਤਰਾ ਦਾ ਆਯੋਜਨ ਕੀਤਾ ਗਿਆ।
ਇਸ ਗਿਆਨ ਵਧਾਊ ਯਾਤਰਾ ਦਾ ਮੁੱਖ ਮੰਤਵ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਨਰਮੇ ਵਿੱਚ ਖਾਦ ਪ੍ਰਬੰਧਨ ਅਤੇ ਕੀੜੇ—ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਚਾਰ ਵਟਾਂਦਰਾ ਕਰਵਾਉਣ ਦੇ ਨਾਲ—ਨਾਲ ਕੇਂਦਰ ਵਿੱਚ ਸਥਾਪਿਤ ਤਕਨਾਲੋਜੀ ਪਾਰਕ ਵਿੱਚ ਪ੍ਰਦਰਸ਼ਨੀਆਂ ਰਾਹੀਂ ਡਰਿੱਪ ਵਿਧੀ ਸਿੰਚਾਈ ਰਾਹੀਂ ਨਰਮੇਂ ਦੀ ਕਾਸ਼ਤ, ਵੱਟਾਂ ਉੱਪਰ ਨਰਮੇਂ ਦੀ ਕਾਸ਼ਤ, ਗੁਲਾਬੀ ਸੁੰਡੀ ਦੇ ਸਰਵੇਖਣ ਲਈ ਫਿਰੋਮੋਨ ਟਰੈਪ ਦੀ ਸਹੀ ਵਰਤੋ ਅਤੇ ਨਰਮੇਂ ਦੀਆਂ ਵੱਖ—ਵੱਖ ਕਿਸਮਾਂ ਬਾਰੇ ਵਿਹਾਰਕ ਰੂਪ ਵਿੱਚ ਜਾਣਕਾਰੀ ਮਹੁੱਈਆ ਕਰਵਾਉਣਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਨਰਮੇ ਦੀ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਸਰਵੇਖਣ ਅਤੇ ਰੋਕਥਾਮ ਬਾਰੇ ਦੱਸਦਿਆਂ ਕਿਹਾ ਕਿ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਮੁੜ ਫੁੱਲਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ, ਅਜਿਹੇ ਵਿੱਚ ਕਿਸਾਨ ਭਰਾਵਾਂ ਵੱਲੋਂ ਨਰਮੇ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ ਕੀਟਨਾਸ਼ਕ 500 ਮਿਲੀਲੀਟਰ ਪ੍ਰੋਫੋਨੋਫਾਸ 50 ਈਸੀ (ਕਯੂਰਾ ਕਰੋਨ) ਜਾਂ 100 ਗ੍ਰਾਮ ਪ੍ਰੋਕੇਲਮ 5 ਐਸ ਜੀ (ਐਮਾਮੈਕਟਿਨ ਬੈਜ਼ੋਏਟ)ਜਾਂ 40 ਮਿਲੀਲੀਟਰ ਫਲਯੂਬੇਰਿਯਾਮਾਇਡ 480 ਐਸ ਸੀ (ਫੇਮ) ਪ੍ਰਤੀ ਏਕੜ ਦੀਆਂ ਲੋੜ ਅਨੁਸਾਰ ਸਪਰੇਅ ਕਰਨੀ ਚਾਹੀਦੀਆਂ ਹਨ।
ਇੰਜ. ਅਲੋਕ ਗੁਪਤਾ ਨੇ ਕਿਸਾਨਾਂ ਨੂੰ ਨਰਮੇ ਵਿੱਚ ਫੁੱਲ ਡੋਡੀ ਪੈਣ ਤੋਂ ਬਾਅਦ 13:0:45 ਦੀ ਸਿਫਾਰਿਸ਼ ਅਨੁਸਾਰ ਚਾਰ ਸਪਰੇਆਂ ਕਰਨ ਦੀ ਸਲਾਹ ਦਿੱਤੀ। ਡਾ. ਬੀ.ਐੱਸ ਸੇਖੋਂ, ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਚੱਲ ਰਹੇ ਮੌਸਮ ਵਿੱਚ ਟਮਾਟਰ ਦੀ ਕਿਸਮ ਪੰਜਾਬ ਵਰਖਾ ਬਾਹਰ—4 ਅਤੇ ਬੈਂਗਣ ਦੀਆਂ ਸਿਫਾਰਿਸ਼ ਕਿਸਮਾਂ ਜਿਵੇਂ ਕਿ ਪੀ.ਬੀ.ਐੱਚ.ਆਰ. 42 ਆਦਿ ਦੀ ਲੁਆਈ ਕਰਨ ਲਈ ਕਿਹਾ। ਆਰ.ਜੀ.ਆਰ.ਸੈੱਲ. ਵੱਲੋਂ ਡਾ. ਅਮਰੀਕ ਸਿੰਘ ਸੋਹੀ ਨੇ ਕਿਸਾਨਾਂ ਨੂੰ ਨਰਮੇਂ ਅਤੇ ਸਬਜ਼ੀਆਂ ਵਿੱਚ ਰਸ ਚੂਸਕ ਕੀੜੇ ਜਿਵੇਂ ਕਿ ਚਿੱਟਾ ਮੱਛਰ, ਭੂਰੀ ਜੂੰ ਅਤੇ ਤੇਲੇ ਬਾਰੇ ਨਿਰੰਤਰ ਸਰਵੇਖਣ ਕਰਦੇ ਰਹਿਣ ਅਤੇ ਆਰਥਿਕ ਕਗਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਫਾਰਿਸ਼ ਕੀਟਨਾਸ਼ਕਾਂ ਦੀ ਸਪਰੇਅ ਕਰਨ ਲਈ ਕਿਹਾ।
ਡਾ. ਅਜੈ ਸਿੰਘ ਨੇ ਕਿਸਾਨਾਂ ਨੂੰ ਪਸ਼ੂ ਪ੍ਰਬੰਧਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਧਾਤਾਂ ਦਾ ਚੂਰਾ ਅਤੇ ਚਾਟ ਇੱਟ ਸਿਫ਼ਾਰਿਸ਼ ਅਨੁਸਾਰ ਵਰਤਣ ਦੀ ਸਲਾਹ ਦਿੱਤੀ। ਇਸ ਗਿਆਨ ਵਧਾਊ ਯਾਤਰਾ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਤਕਨਾਲੋਜੀ ਪਾਰਕ ਵਿਖੇ ਨਰਮੇਂ ਦੇ ਸਬੰਧ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਦਾ ਦੌਰਾ ਵੀ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਵੱਖ—ਵੱਖ ਪਿੰਡਾਂ ਤੋਂ ਆਏ 100 ਦੇ ਕਰੀਬ ਕਿਸਾਨਾਂ ਨੂੰ ਖੇਤੀ ਸਾਹਿਤ, ਧਾਤਾਂ ਦਾ ਚੂਰਾ, ਚਾਟ ਇੱਟ ਅਤੇ ਸਬਜ਼ੀਆਂ ਦੀ ਪਨੀਰੀ ਮਹੁੱਈਆਕਰਵਾਈ ਗਈ। ਇਸ ਮੌਕੇ ਆਰ.ਜੀ.ਆਰ.ਸੈੱਲ ਵੱਲੋਂ ਡਾ. ਕਮਲਜੀਤ ਸਿੰਘ, ਡਾ. ਗੁਰਲਾਲ ਸਿੰਘ, ਡਾ.ਇੰਦਰਜੀਤ ਸਿੰਘ ਅਤੇ ਡਾ. ਆਸ਼ੂ ਸੈਣੀ ਵੀ ਹਾਜ਼ਰ ਸਨ।