ਬਰਨਾਲਾ 29,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 364ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਦੇ ਪ੍ਰਭਾਵਿਤ ਜਿਲ੍ਹਿਆਂ ਵਿੱਚ ਨਰਮੇ ਦੀ ਕੀਟ-ਨਾਸ਼ਕ ਦਵਾਈ ਮੁਫਤ ਵੰਡਣ ਵਾਲੀ ਸਕੀਮ ਦੀ ਚੀਰ-ਫਾੜ ਕੀਤੀ। ਆਗੂਆਂ ਨੇ ਇਸ ਸਕੀਮ ਨੂੰ ਹਾਸੋਹੀਣੀ ਤੇ ਸਰਕਾਰੀ ਨਾ-ਅਹਿਲੀਅਤ ‘ਤੇ ਪਰਦਾ ਪਾਉਣ ਵਾਲਾ ਪਾਖੰਡ ਦੱਸਿਆ। ਸਰਕਾਰ ਦੇ ਖੇਤੀ ਮਹਿਕਮੇ ਨੂੰ ਸਮਾਂ ਰਹਿੰਦੇ ਗੁਲਾਬੀ ਸੁੰਡੀ ਦੇ ਹਮਲੇ ਦਾ ਪਤਾ ਕਿਉਂ ਨਹੀਂ ਲੱਗਿਆ?
ਉਨ੍ਹਾਂ ਕਿਹਾ ਕਿ ਸਿਆਸੀ ਨੇਤਾਵਾਂ, ਅਧਿਕਾਰੀਆਂ ਤੇ ਕੀਟ-ਨਾਸ਼ਕ ਡੀਲਰਾਂ ਦੀ ਮਿਲੀਭੁਗਤ ਨਾਲ ਵਾਪਰੀ ਇਸ ਤਰਾਸਦੀ ਨੂੰ ਰੋਕਿਆ ਜਾ ਸਕਦਾ ਸੀ। ਹੁਣ ਜਦੋਂ 80-90 ਫੀਸਦੀ ਨਰਮਾ ਪੱਕ ਚੁੱਕਿਆ ਹੈ ਤਾਂ ਕੀਟ-ਨਾਸ਼ਕ ਛਿੜਕਣ ਦਾ ਕੀ ਫਾਇਦਾ ? ਹੁਣ ਤੀਆਂ ਪਿਛੋਂ ਲੂੰਗੀ ਕੀ ਫੂਕਣੀ ਐ? ਇਹ ਸਰਕਾਰ ਵੱਲੋਂ ਸਿਰਫ ਆਪਣੀ ਨਲਾਇਕੀ ‘ਤੇ ਪਰਦਾ ਪਾਉਣ ਦੀ ਕਵਾਇਦ ਹੈ। ਸਰਕਾਰ ਲਈ ਤੁਰਤ-ਪੈਰਾ ਕੰਮ ਹੈ ਕਿ ਉਹ ਕਿਸਾਨਾਂ ਨੂੰ 50000 ਪ੍ਰਤੀ ਏਕੜ ਦਾ ਮੁਆਵਜ਼ਾ ਤੁਰੰਤ ਦੇਵੇ ਅਤੇ ਭਵਿੱਖ ਵਿੱਚ ਨੇਤਾਵਾਂ, ਅਧਿਕਾਰੀਆਂ ਤੇ ਡੀਲਰਾਂ ਦੇ ਨਾ-ਪਾਕ ਗੱਠਜੋੜ ਨੂੰ ਖਤਮ ਕਰੇ।
ਕਿਸਾਨ ਲੀਡਰਾਂ ਦਾ ਕਹਿਣਾ ਸੀ ਕਿ ਦੋ ਦਿਨ ਬਾਅਦ ਬਰਨਾਲਾ ਧਰਨੇ ਦੀ ਪਹਿਲੀ ਵਰ੍ਹੇਗੰਢ ਹੈ। ਇਸ ਦਿਵਸ ਨੂੰ ਜ਼ੋਰਦਾਰ ਢੰਗ ਨਾਲ ਮਨਾਉਣ ਲਈ ਰੋਹ-ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਫਰਦਾਂ ਜਮ੍ਹਾਂ ਕਰਵਾਉਣ ਵਾਲਾ ਫਰਮਾਨ, ਸਰਕਾਰੀ ਖਰੀਦ ਤੋਂ ਹੱਥ ਪਿਛਾਂਹ ਖਿੱਚਣ ਵੱਲ ਵਧਦਾ ਕਦਮ ਹੈ।
ਆਗੂਆਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆੜਤੀਆਂ ਜਾਂ ਮੰਡੀ ਬੋਰਡ ਦੇ ਅਧਿਕਾਰੀਆਂ ਕੋਲ ਫਰਦਾਂ ਜਮ੍ਹਾਂ ਨਾ ਕਰਾਉਣ। ਅਸੀਂ ਸਰਕਾਰ ਦੀਆਂ ਇਨ੍ਹਾਂ ਚਾਲਾਂ ਵਿੱਚ ਨਹੀਂ ਆਵਾਂਗੇ ਅਤੇ ਫਰਦਾਂ ਜਮ੍ਹਾਂ ਕਰਵਾਏ ਬਗੈਰ ਹੀ ਝੋਨਾ ਖਰੀਦਣ ਲਈ ਸਰਕਾਰ ਨੂੰ ਮਜ਼ਬੂਰ ਕਰ ਦਿਆਂਗੇ। ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਚਲ ਰਿਹਾ ਧਰਨਾ ਪੂਰੇ ਜ਼ੋਸ਼ੋ ਖਰੋਸ਼ ਨਾਲ ਜਾਰੀ ਹੈ।