ਬੁਢਲਾਡਾ – 23 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ)– ਨਗਰ ਸੁਧਾਰ ਸਭਾ ਬੁਢਲਾਡਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਅਨਾਜ ਮੰਡੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਅਵਤਾਰ ਸਿੰਘ (ਸੇਵਾ ਮੁਕਤ ਅਧਿਕਾਰੀ ਪੰਜਾਬ ਪੁਲਿਸ) ਨੇ ਕੀਤੀ।
ਮੀਟਿੰਗ ਦੇ ਫੈਸਲਿਆਂ ਬਾਰੇ ਸੰਸਥਾ ਦੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪ੍ਰੇਮ ਸਿੰਘ ਦੋਦੜਾ ਅਤੇ ਸਤਪਾਲ ਸਿੰਘ ਕਟੌਦੀਆ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੈ ਅਤੇ ਹਰ ਵਾਰਡ ਵਿੱਚ ਗੰਦਾ ਪਾਣੀ ਖੜਾ ਹੈ। ਜਿਸ ਨਾਲ ਡੇਂਗੂ , ਮਲੇਰੀਆ ਜਿਹੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਐਨ ਓ ਸੀ ਦੀ ਆੜ ਵਿੱਚ ਮੋਟੀ ਲੁੱਟ ਖਸੁੱਟ ਹੋ ਰਹੀ ਹੈ ਅਤੇ ਏ.ਡੀ.ਸੀ. ਦਫ਼ਤਰ ਮਾਨਸਾ ਵਿਖੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਆਗੂਆਂ ਨੇ ਕੁਲੇਕਟਰ ਰੇਟਾਂ ਵਿੱਚ ਕੀਤੇ ਭਾਰੀ ਵਾਧੇ ਨੇ ਪਹਿਲਾਂ ਹੀ ਲੋਕਾਂ ਦਾ ਕੰਚੂਬਰ ਕੱਢਿਆ ਹੋਇਆ ਹੈ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੁਬਾਰਾ ਫੇਰ ਕੁਲੈਕਟਰ ਰੇਟਾਂ ਵਿੱਚ ਵਾਧੇ ਦੀ ਤਜਵੀਜ਼ ਬਣਾ ਰਹੇ ਹਨ ਜੋ ਕਿ ਸਰਾਸਰ ਗਲਤ ਹੋਵੇਗਾ।
ਉਨ੍ਹਾਂ ਸ਼ਹਿਰ ਦੀ ਰੇਲਵੇ ਰੋਡ ਦੀ ਕਈ ਵਾਰ ਜਾਂਚ ਹੋਣ ਦੇ ਬਾਵਜੂਦ ਅਮਲ ਵਿੱਚ ਕੋਈ ਕਾਰਵਾਈ ਨਾ ਹੋਣ ‘ਤੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਠੇਕੇਦਾਰ ਅਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੀਵਰੇਜ ਸਿਸਟਮ ਸਮੇਤ ਉਪਰੋਕਤ ਮੰਗਾਂ-ਮਸਲਿਆਂ ਸਬੰਧੀ 25 ਜੁਲਾਈ ਨੂੰ ਸ਼ਾਮ 6 ਵਜੇ ਰਾਮਲੀਲਾ ਗਰਾਉਂਡ ਬੁਢਲਾਡਾ ਵਿਖੇ ਸ਼ਹਿਰਵਾਸੀਆਂ ਦਾ ਜਨਰਲ ਹਾਊਸ ਸੱਦਿਆ ਹੈ। ਉਨ੍ਹਾਂ ਸਮੁੱਚੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਜਨਰਲ ਹਾਊਸ ਵਿੱਚ ਸ਼ਾਮਲ ਹੋਣ।
ਮੀਟਿੰਗ ਵਿੱਚ ਜਰਨੈਲ ਸਿੰਘ ਮਿਸਤਰੀ , ਮਾਂ.ਰਘੁਨਾਥ ਸਿੰਗਲਾ , ਰਾਮ ਗੋਪਾਲ , ਗਗਨ ਦਾਸ ਵੈਰਾਗੀ , ਪਵਨ ਨੇਵਟੀਆ , ਰਮੇਸ਼ ਕੁਮਾਰ ਆਦਿ ਸ਼ਾਮਲ ਸਨ।