
ਬੋਹਾ 13 ਮਈ (ਸਾਰਾ ਯਹਾਂ/ ਦਰਸ਼ਨ ਹਾਕਮਵਾਲਾ) ਨੇੜਲੇ ਪਿੰਡ ਹਾਕਮਵਾਲਾ ਤੇ ਮਲਕਪੁਰ ਭੀਮੜਾ ਦੇ ਵਾਟਰ ਵਰਕਸਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ
ਦੇਣ ਵਾਲੇ ਸੂਏ ਵਿੱਚ ਬਾਜੀਗਰ ਬਸਤੀ ਬੋਹਾ ਦੇ ਘਰਾਂ ਦਾ ਗੰਦਾ ਪਾਣੀ ਪੈਣ ਕਾਰਨ ਇਹਨਾਂ ਪਿੰਡਾ ਦੇ ਲੋਕ
ਕਾਫੀ ਪ੍ਰੇਸ਼ਾਨ ਸਨ ਤੇ ਲਗਾਤਾਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਸਨ । ਮੀਡੀਆਂ ਖਾਸ ਵੱਲੋਂ ਇਹ ਮਾਮਲਾ
ਪ੍ਰਮੁੱਖਤਾ ਨਾਲ ਉਭਾਰੇ ਜਾਣ ਤੇ ਇਹ ਮਸਲੇ ਦੇ ਹੱਲ ਲਈ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ
ਪੰਚਇਤ ਦੇ ਈ. ਓ. ਵਿਜੇ ਕੁਮਾਰ ਦੀ ਨਿਗਰਾਨੀ ਹੇਠ ਨਗਰ ਪੰਚਾਇਤ ਦੇ ਪ੍ਰਧਾਨ ਸੁਖਜੀਤ ਕੌਰ ਬਾਵਾ ਵੱਲੋਂ
ਸਖ਼ਤ ਕਦਮ ਚੁੱਕੇ ਗਏ ਹਨ ।ਨਗਰ ਪੰਚਾਇਤ ਦੇ ਪ੍ਰਧਾਨ ਬੀਬੀ ਸੁਖਜੀਤ ਕੌਰ ਤੇ ਉਸਦੇ ਸਮਾਜਸੇਵੀ ਪਤੀ
ਕਮਲਜੀਤ ਸਿੰਘ ਬਾਵਾ ਨੇ ਦੱਸਿਆ ਕਿ ਗੰਦੇ ਪਾਣੀ ਦੀ ਸਪਲਾਈ ਨੂੰ ਰੋਕਣ ਲਈ ਜੇਸੀਬੀ ਨਾਲ ਇੱਕ ਨਾਲੀ
ਪੁਟੀ ਜਾ ਰਹੀ ਹੈ ਜਿਸ ਵਿਚ ਪਾਈਪਾਂ ਰਾਹੀਂ ਗੰਦਾ ਪਾਣੀ ਸੀਵਰੇਜ ਵਿੱਚ ਪਾਇਆ ਜਾਵੇਗਾ। ਇਸ ਉਪਰੰਤ ਸੂਏ
ਵਿੱਚ ਘਰਾਂ ਦਾ ਦੂਸ਼ਿਤ ਪਾਣੀ ਪੈਣਾ ਬੰਦ ਹੋ ਜਾਵੇਗਾ। ਇਸ ਉਪਰਾਲੇ ਲਈ ਨਗਰ ਪੰਚਾਇਤ ਅਤੇ ਜ਼ਿਲ੍ਹਾ
ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਪਿੰਡ ਹਾਕਮਵਾਲਾ ਦੇ ਸਰਪੰਚ ਪਲਵਿੰਦਰ ਸਿੰਘ ਥਿੰਦ. ਬਲਾਕ ਸੰਮਤੀ ਮੈਂਬਰ
ਦਵਿੰਦਰ ਸਿੰਘ ਸਿੰਘ ਥਿੰਦ , ਸਮਾਜ ਸੇਵੀ ਦਰਸ਼ਨ ਹਾਕਮਵਾਲਾ, ਕਿਸਾਨ ਆਗੂ ਜਗਬੀਰ ਸਿੰਘ ਹਾਕਮਵਾਲਾ,
ਸਾਬਕਾ ਸਰਪੰਚ ਸੰਤੋਖ ਸਿੰਘ ਭੀਮੜਾ ਤੇ ਸਤਵੰਤ ਸਿੰਘ ਭੀਮੜਾ ਨੇ ਕਿਹਾ ਕਿ ਇਹ ਸਮੱਸਿਆ ਕਾਫੀ ਗੰਭੀਰ
ਸੀ ਕਿਉਂ ਕਿ ਪੀਣ ਵਾਲਾ ਦੂਸ਼ਿਤ ਪਾਣੀ ਪੀਣ ਕਾਰਨ ਲੋਕ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਸਨ। ਉਨ੍ਹਾਂ
ਕਿਹਾ ਕਿ ਉਹ ਕਈ ਵਾਰੀ ਇਸ ਮੁੱਦੇ ਨੂੰ ਅਧਿਕਾਰੀਆਂ ਕੋਲ ਉਠਾ ਚੁੱਕੇ ਸਨ ਪਰ ਇਸ ਦਾ ਹੱਲ ਨਹੀਂ ਸੀ ਹੋ
ਰਿਹਾ। ਉਨ੍ਹਾਂ ਇਹ ਸੱਮਸਿਆ ਹੱਲ ਕਰਨ ਲਈ ਨਗਰ ਪੰਚਾਇਤ, ਜ਼ਿਲ੍ਹਾ ਪ੍ਰਸ਼ਾਸਨ ਤੇ ਮੀਡੀਆ ਦਾ ਧੰਨਵਾਦ
ਕੀਤਾ।
