ਮਾਨਸਾ, 23 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਅਤੇ ਇਸ ਦੇ ਸਾਥੀਆਂ ਤੇ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਉਂਦੇ ਹੀ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਨਗਰ ਕੌਂਸਲ ਮਾਨਸਾ ਦੇ ਸਾਰੇ ਕੰਮ ਰੁਕ ਗਏ ਸਨ ਤਾਂ ਨਗਰ ਕੌਂਸਲਰਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਪ੍ਰਧਾਨਗੀ ਦੀ ਚੋਣ ਕਰਵਾਈ ਜਾਵੇ ਤਾਂ ਜੋ ਨਗਰ ਕੌਂਸਲ ਦੇ ਰਹਿੰਦੇ ਕੰਮ ਅਤੇ ਨਵੇਂ ਕੰਮਾਂ ਨੂੰ ਚਲਾਇਆ ਜਾ ਸਕੇ। ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਦੀ ਰਹਿਨੁਮਾਈ ਹੇਠ ਨਗਰ ਕੌਂਸਲਰਾਂ ਦੀ ਮੋਜੁਦਗੀ ਵਿੱਚ ਵੋਟਾਂ ਪਾਈਆਂ ਗਈਆਂ ਅਤੇ ਸੁਨੀਲ ਕੁਮਾਰ ਨੀਨੂੰ ਨੂੰ ਨਗਰ ਕੌਸਲ ਮਾਨਸਾ ਦਾ ਸੀਨੀਅਰ ਵਾਈਸ ਪ੍ਰਧਾਨ ਤੇ ਰਾਮਪਾਲ ਐਮ ਸੀ ਨੂੰ ਵਾਇਸ ਪ੍ਰਧਾਨ ਚੁਣਿਆ ਗਿਆ ਹੈ।
ਇਸ ਮੌਕੇ ਤੇ ਸੁਨੀਲ ਕੁਮਾਰ ਨੀਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਮਾਨਸਾ ਦੀ ਵਿਕਾਸ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਅਤੇ ਮੈਂ ਆਪਣੀ ਜੁੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ।
ਮਾਨਸਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਅਤੇ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਤੋਂ ਮਾਨਸਾ ਵਾਸੀ ਬਹੁਤ ਪ੍ਰੇਸ਼ਾਨ ਸਨ। ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਸਾਡੀ ਨਗਰ ਕੌਂਸਲ ਮਾਨਸਾ ਵਿਖੇ ਪੰਜਾਬ ਸਟੇਟ ਵਿਜੀਲੈਂਸ ਪੁਲਸ ਦੁਆਰਾ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਦੇ ਨਾਲ 6 ਹੋਰ ਅਧਿਕਾਰੀਆ ਤੇ ਕਮੀਸ਼ਨ ਲੈ ਕੇ ਭ੍ਰਿਸ਼ਟਾਚਾਰ ਕਰਨ ਲਈ ਦਰਜ ਕੀਤੇ ਮੁਕੱਦਮੇ ਤੋਂ ਬਾਅਦ ਨਗਰ ਕੌਂਸਲ ਦੇ ਵਿਕਾਸ ਦੇ ਕੰਮ ਰੁਕ ਗਏ ਸਨ। ਪਰ ਮੈਂ ਮਾਨਸਾ ਵਾਸੀਆਂ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਹੁਣ ਤੁਹਾਨੂੰ ਸੀਵਰੇਜ ਦੇ ਪਾਣੀ ਅਤੇ ਕੂੜੇ ਦੇ ਢੇਰਾਂ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ, ਕਿਉਂਕਿ ਅਸੀਂ ਆਪਣਾਂ ਕੰਮ ਸ਼ੁਰੂ ਕਰ ਦਿੱਤਾ ਹੈ। ਨਗਰ ਕੌਂਸਲ ਵੱਲੋਂ ਜ਼ਿਆਦਾ ਬਾਰਸ਼ ਦੇ ਪਾਣੀ ਦੇ ਨਿਕਾਸ ਲਈ ਨਵੀਆਂ ਮੋਟਰਾਂ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਰਾਮਪਾਲ ਵਾਇਸ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਮਾਨਸਾ ਵੱਲੋਂ ਜਲਦੀ ਹੀ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ। ਜਿਨ੍ਹਾਂ ਗਲੀਆਂ ਦੇ ਕੰਮ ਰੁਕ ਗਏ ਸਨ ਉਹ ਵੀ ਜਲਦੀ ਸ਼ੁਰੂ ਕੀਤੇ ਜਾਣਗੇ।