
ਮਾਨਸਾ, 07 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ ):
ਸਫ਼ਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਜਿਲ੍ਹਾ ਮਾਨਸਾ ਰਾਹੀਂ ਪ੍ਰਧਾਨ ਪ੍ਰਵੀਨ ਕੁਮਾਰ, ਸਕੱਤਰ ਮਨੋਜ ਕੁਮਾਰ, ਸ਼੍ਰੀ ਸੰਜੀਵ ਕੁਮਾਰ ਰੱਤੀ ਸੁੱਬਾ ਮੀਤ ਪ੍ਰਧਾਨ ਪੰਜਾਬ ਤੇ ਮੁਕੇਸ਼ ਕੁਮਾਰ ਮੇਟ ਅਤੇ ਐਮ.ਸੀ. ਪਰਵੀਨ ਟੋਨੀ ਦੀ ਹਾਜਰੀ ਵਿੱਚ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕੌਂਸਲਰਾਂ ਤੇ ਸਫ਼ਾਈ ਸੇਵਕਾਂ ਵਿਚਲੀ ਹੜਤਾਲ ਖਤਮ ਕਰਵਾਈ।

ਵਿਧਾਇਕ ਵਿਜੈ ਸਿੰਗਲਾ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਵਿਖੇ ਪਿਛਲੇ ਇਕ ਹਫਤੇ ਤੋਂ ਸਫਾਈ ਕਰਮਚਾਰੀ ਯੂਨੀਅਨ ਦੀ ਹੜਤਾਲ ਚੱਲ ਰਹੀ ਸੀ। ਸਫਾਈ ਕਰਮਚਾਰੀ ਯੂਨੀਅਨ ਦਾ ਇਤਰਾਜ ਸੀ ਕਿ ਕੌਂਸਲਰ ਉਨ੍ਹਾਂ ਦੇ ਮਤਿਆ ’ਤੇ ਰੋਕ ਲਗਾਉਦੇ ਹਨ ਜਿਸ ਕਾਰਨ ਉਹਨਾ ਨੂੰ ਮਤੇ ਪਾਸ ਕਰਵਾਉਣ, ਪੇਮੈਂਟ ਲੈਣ ਅਤੇ ਤਰਸ ਦੇ ਅਧਾਰ ’ਤੇ ਨੌਕਰੀ ਲੈਣ ਵਿੱਚ ਅੜਚਣ ਪੈਂਦੀ ਹੈ, ਇਸਦੇ ਕਾਰਨ ਸਫਾਈ ਕਰਮਚਾਰੀ ਯੂਨੀਅਨ ਨੇ ਸਫਾਈ ਦੀ ਹੜਤਾਲ ਕਰਕੇ ਕੌਸਲਰਾਂ ਦੇ ਖਿਲਾਫ ਸ਼ਹਿਰ ਵਿੱਚ ਨਾਅਰੇਬਾਜੀ ਕੀਤੀ ਅਤੇ ਧਰਨੇ ਲਗਾਏ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੌਂਸਲਰ ਨੇ ਆਪਣਾ ਪੱਖ ਰੱਖਦਿਆ ਕਿਹਾ ਸੀ ਕਿ ਕੌਸਲਰਾਂ ਨੇ ਸਫਾਈ ਕਰਮਚਾਰੀਆਂ ਦੇ ਕਿਸੇ ਕੰਮ ਅਤੇ ਮਤੇ ਵਿੱਚ ਕੋਈ ਕਿਸੇ ਕਿਸਮ ਦੀ ਰੋਕ ਨਹੀ ਲਗਾਈ ਅਤੇ ਤਰਸ ਦੇ ਆਧਾਰ ’ਤੇ ਨੌਕਰੀ ਵਾਲਾ ਮਤਾ ਵੀ ਪਾਸ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਬਕਾਇਆ ਪੇਮੈਂਟ ਵੀ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੋਇਆ ਹੈ। ਕੌਂਸਲਰਾਂ ਨੇ ਕਿਹਾ ਕਿ ਸਫਾਈ ਕਮਰਚਾਰੀਆ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੌਂਸਲਰਾਂ ਕੋਲ ਨੌਕਰੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਨੇ ਹਾਊਸ ’ਚ ਮਤਾ ਪਾਸ ਕਰਨਾ ਹੁੰਦਾ ਹੈ ਜੋ ਕਿ ਪਾਸ ਹੈ।

ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਇਸ ਰੇੜਕੇ ਦੇ ਚਲਦਿਆ ਸ਼ਹਿਰ ਵਿੱਚ ਸਾਫ ਸਫਾਈ ਦੀ ਸਮੱਸਿਆ ਆ ਰਹੀ ਸੀ। ਉਨ੍ਹਾਂ ਕਿਹਾ ਕਿ ਕੌਂਸਲਰ ਪ੍ਰਵੀਨ ਗਰਗ ਟੋਨੀ ਰਾਹੀ ਦੋਵੇਂ ਧਿਰਾ ਨੂੰ ਬੁਲਾ ਕੇ ਮੀਟਿੰਗ ਕਰਵਾ ਕੇ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਅਤੇ ਧਰਨੇ ਵਿੱਚ ਜਾ ਕੇ ਸਫਾਈ ਕਰਮਚਾਰੀਆ ਨੂੰ ਉਨ੍ਹਾਂ ਦੀਆਂ ਹੱਕੀ ਮੰਗਾ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਦੇ ਕੇ ਧਰਨੇ ਨੂੰ ਖਤਮ ਕਰਵਾਇਆ। ਸਫਾਈ ਕਰਮਚਾਰੀਆਂ ਨੇ ਤੁਰੰਤ ਸ਼ਹਿਰ ਦੀ ਸਫਾਈ ਬਹਾਲ ਕਰਨ ਲਈ ਧਰਨਾ ਚੁੱਕ ਦਿੱਤਾ। ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ।
