
ਬੁਢਲਾਡਾ13 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਅੱਜ ਇੱਥੇ ਨਗਰ ਸੁਧਾਰ ਸਭਾ ਬੁਢਲਾਡਾ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ: ਪ੍ਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਸ਼ਹਿਰ ਵਿੱਚ ਹੋਈਆਂ ਕੲੀ ਮੌਤਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਮਿ੍ਤਕਾ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਹਮਦਰਦੀ ਪ੍ਰਗਟ ਕੀਤੀ । ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਜਨਰਲਾਂ ਸਕੱਤਰ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਕਿਹਾ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਖਾਸ ਕਰਕੇ ਰੇਲਵੇ ਰੋਡ ‘ਤੇ ਨਜਾਇਜ਼ ਉਸਾਰੀਆਂ , ਥੜੇ , ਛੱਪਰ ਆਦਿ ਮਾਮਲੇ ਵਿੱਚ ਸਬੰਧਿਤ ਦੁਕਾਨਦਾਰ ਅਤੇ ਆਮ ਸ਼ਹਿਰੀਆਂ ਨੇ ਪੂਰਾ ਸਾਥ ਦਿੱਤਾ ਜਾ ਰਿਹਾ ਹੈ , ਕਰੋਨਾ ਮਹਾਂਮਾਰੀ ਕਾਰਨ ਬੇਹੱਦ ਮੰਦੀ ਦੇ ਦੌਰ ਵਿੱਚ ਸਬੰਧਿਤ ਵਿਅਕਤੀਆਂ ਦੁਆਰਾ ਹਜ਼ਾਰਾਂ-ਲੱਖਾਂ ਰੁਪਏ ਖਰਚ ਕਰਕੇ ਢਾਹੁਣ ਅਤੇ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਰੇਲਵੇ ਰੋਡ ‘ਤੇ ਕੰਮ ਸ਼ੁਰੂ ਹੋਣ ਤੋਂ ਘੱਟੋ-ਘੱਟ ਇੱਕ ਹਫਤੇ ਦਾ ਸਮਾਂ ਬਕਾਇਦਾ ਅਨਾਉਂਸਮੈਂਟ ਕਰਕੇ ਦਿੱਤਾ ਜਾਵੇ , ਅਗਰ ਅਜਿਹਾ ਨਾ ਕੀਤਾ ਅਤੇ ਧੱਕੇਸ਼ਾਹੀ ਕੀਤੀ ਤਾਂ ਨਗਰ ਸੁਧਾਰ ਸਭਾ ਦੁਕਾਨਦਾਰਾਂ ਤੇ ਲੋਕਾਂ ਦੇ ਨਾਲ ਖੜੇਗੀ ਅਤੇ ਇਸ ਜਿਆਦਤੀ ਦਾ ਠੋਕਵਾਂ ਜਵਾਬ ਜਥੇਬੰਦਕ ਢੰਗ ਨਾਲ ਦੇਵੇਗੀ । ਮੀਟਿੰਗ ਵਿੱਚ ਨਗਰ ਕੌਂਸਲ ਵੱਲੋਂ ਅਚਨਚੇਤ ਭੀਖੀ ਰੋਡ ‘ਤੇ ਢਾਹੇ ਚੌਤਰਿਆਂ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਉਕਤ ਰੋਡ ‘ਤੇ ਮਲਬਾ ਉੱਥੇ ਹੀ ਪਿਆ ਹੈ , ਨਗਰ ਕੌਂਸਲ ਜਾਂ ਸਬ ਡਵੀਜ਼ਨ ਪ੍ਰਸ਼ਾਸ਼ਨ ਨੇ ਕੋਈ ਗਾਈਡ ਲਾਈਨ ਸਬੰਧਿਤ ਦੁਕਾਨਦਾਰਾਂ ਜਾਂ ਵਸਨੀਕਾਂ ਨੂੰ ਨਹੀਂ ਦੱਸੀ ਜਾ ਰਹੀ। ਨਗਰ ਸੁਧਾਰ ਸਭਾ ਦੇ ਆਗੂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਬੇਤਰਤੀਬੇ ਅਤੇ ਬੜੇ ਗੈਰ-ਯੋਜਨਾਬੱਧ ਨਾਲ ਤੋੜਿਆ-ਢਾਹਿਆ ਜਾ ਰਿਹਾ ਹੈ । ਪਰਚਾਰੇ ਜਾ ਰਹੇ ਵਿਕਾਸ ਕਾਰਜ ਸ਼ਹਿਰ ਵਿੱਚ ਕਿਤੇ ਸ਼ੁਰੂ ਨਹੀਂ ਹੋ ਰਹੇ। ਸੰਸਥਾ ਦੇ ਆਗੂ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾ ਮਹਾਂਮਾਰੀ ਦੇ ਪਰਕੋਪ ਦੇ ਵਧਣ ਕਾਰਨ ਕੇਸਾਂ ਵਿੱਚ ਵਾਧਾ ਹੋਇਆ ਹੈ ਅਤੇ ਕੲੀ ਮੌਤਾਂ ਵੀ ਹੋਈਆਂ ਹਨ ਪਰ ਇਸਦੇ ਉਲਟ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਇਸ ਪ੍ਰਤੀ ਸੰਜੀਦਾ ਨਹੀਂ । ਜਿਸਦੀ ਮਿਸਾਲ ਸ਼ਹਿਰ ਦੇ ਇੱਕ ਨਾਮੀ ਇਨਕਮ ਟੈਕਸ ਦੇ ਵਕੀਲਾਂ ਦੇ ਪਰਿਵਾਰ ਵੱਲੋਂ ਸ਼ੋਸ਼ਲ ਮੀਡੀਏ ‘ਤੇ ਪਾੲੀ ਇੱਕ ਪੋਸਟ ਤੋਂ ਮਿਲਦੀ ਹੈ , ਇਸ ਪਰਿਵਾਰ ਦੇ ਘਰ ਦਾ ਕੂੜਾ ਕਰਕਟ ਜਾਂ ਸਫਾਈ ਲਈ ਜਾਂ ਉਨ੍ਹਾਂ ਦੇ ਘਰ ਅਤੇ ਦਫਤਰ ਨੂੰ ਸੈਨੇਟਾਈਜ ਕੀਤੇ ਜਾਣ ਲਈ ਕੋਈ ਨਗਰ ਕੌਂਸਲ ਵੱਲੋਂ ਯਤਨ ਕਰਨਾ ਤਾਂ ਦੂਰ , ਉਨ੍ਹਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ। ਵਕੀਲਾਂ ਦਾ ਇਹ ਪਰਿਵਾਰ ਕਰੋਨਾ ਪਾਜਿਟਿਵ ਹੈ ਅਤੇ ਆਪਣੇ ਘਰ ਵਿੱਚ ਹੀ ਸਾਰੇ ਪਰਿਵਾਰਕ ਮੈਂਬਰ ਆਪਣੇ ਆਪ ਇਕਾਂਤਵਾਸ ਕਰਕੇ ਰਹਿ ਰਹੇ ਹਨ । ਉਕਤ ਪਰਿਵਾਰ ਨਾਲ ਅਜਿਹਾ ਵਿਵਹਾਰ ਅਣਮਨੁੱਖੀ ਹੈ ਅਤੇ ਚਿੰਤਾਜਨਕ ਵਰਤਾਰਾ ਹੈ।ਨਗਰ ਸੁਧਾਰ ਸਭਾ ਬੁਢਲਾਡਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਚਿਤਾਵਨੀ ਦਿੰਦੀ ਕਿ ਜੇ ਇਸ ਮਾਮਲੇ ਜਿਲ੍ਹਾ ਪ੍ਰਸ਼ਾਸ਼ਨ , ਸਿਹਤ ਵਿਭਾਗ ਅਤੇ ਕਰੋਨਾ ਨੋਡਲ ਅਧਿਕਾਰੀ ਤੁਰੰਤ ਹਰਕਤ ਵਿੱਚ ਨਾ ਆਏ ਤਾਂ ਸੰਸਥਾ ਸਖਤ ਕਦਮ ਉਠਾਉਣ ਲਈ ਮਜਬੂਰ ਹੋਵੇਗੀ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸਤਪਾਲ ਸਿੰਘ ਕਟੌਦੀਆ , ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ , ਮਾਸਟਰ ਰਘੂਨਾਥ ਸਿੰਗਲਾ , ਸੁਰਜੀਤ ਸਿੰਘ ਟੀਟਾ , ਅਵਤਾਰ ਸਿੰਘ ,ਜੱਸੀ ਸਵਰਨਕਾਰ ਸੰਘ , ਅਮਿਤ ਜਿੰਦਲ , ਰਾਜਿੰਦਰ ਸਿੰਘ ਸੋਨੂੰ ਕੋਹਲੀ , ਵਿਸ਼ਾਲ ਰਿਸ਼ੀ , ਗਗਨ ਦਾਸ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।
