
ਬੁਢਲਾਡਾ 03,ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ, ਅਮਿਤ ਜਿੰਦਲ): ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ 20 ਮਾਰਚ ਤੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਸਜਾਇਆ ਗਿਆ ਨਗਰ ਕੀਰਤਨ ਬੀਤੀ ਰਾਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਟੈਂਡ ਬੁਢਲਾਡਾ ਦੇ ਸਾਹਮਣੇ ਪੁੱਜਣ ਉਪਰੰਤ ਅੱਜ ਸਵੇਰੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਦਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਲਾਕ ਦੀ ਸਮੂਹ ਸਾਧ ਸੰਗਤ ਵਲੋਂ ਗੁਰੂ ਮਹਾਰਾਜ ਦੀਆਂ ਗੱਡੀਆਂ ਨੂੰ ਫੁੱਲਾਂ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਗੁਰੂ ਸਾਹਿਬ ਦੀਆਂ ਅਸੀਸਾਂ ਲੈ ਰਿਹਾ ਸੀ। ਨਗਰ ਕੀਰਤਨ ਦੌਰਾਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਧਾਰਮਿਕ ਸਭਾ ਸੁਸਾਇਟੀਆਂ, ਨਗਰ ਪੰਚਾਇਤਾਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਫੁਹਾਰਾ ਚੌਕ ਤੋਂ ਹੁੰਦਾ ਹੋਇਆ ਚੱਕ ਭਾਈਕੇ ਲਈ ਰਵਾਨਾ ਹੋਇਆ। ਬੁਢਲਾਡਾ ਦੀਆਂ ਸੰਗਤਾਂ ਵੱਲੋਂ ਪੰਜਾਂ ਪਿਆਰਿਆਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਪ੍ਰਬੰਧਕਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।
