ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਜਲੰਧਰ ਦੇ ਪ੍ਰੈੱਸ ਕਲੱਬ ‘ਚ ਰਾਘਵ ਚੱਡਾ ਦੀ ਪ੍ਰੈੱਸ ਕਾਨਫਰੰਸ ‘ਚ ਹੋਈ ਘਟਨਾ ‘ਤੇ ਭਗਵੰਤ ਮਾਨ ਨੇ ਮੁਆਫੀ ਮੰਗੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਸਲੋਗਨ ਵੀ ਜਾਰੀ ਕੀਤਾ ਹੈ। ‘ਆਪ’ ਵੱਲੋਂ ਜਾਰੀ ਕੀਤਾ ਗਿਆ ਨਵਾਂ ਸਲੋਗਨ ਹੈ- “ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਨੂੰ ਦੇਵਾਂਗੇ ਮੌਕਾ।”
ਭਗਵੰਤ ਮਾਨ ਨੇ ਵਿਰੋਧੀ ਪਾਰਟੀ ‘ਤੇ ਹਮਲਾ ਬੋਲਦੇ ਹੋਏ ਕਿਹਾ, “ਬਾਕੀ ਪਾਰਟੀਆਂ ਵਿੱਚ ਤਾਂ ਭਾਈ-ਭਤੀਜਾਵਾਦ ਹੀ ਨਹੀਂ ਮੁਕਦਾ। ਅਸੀਂ ਦਿੱਲੀ ਦਾ ਮੌਡਲ ਪੰਜਾਬ ਲੈ ਕੇ ਆਉਣਾ ਚਾਹੁੰਦੇ ਹਾਂ। ਪੰਜਾਬ ਦੇ ਲੋਕ ਪਹਿਲਾਂ ਬਹੁਤ ਧੋਖਾ ਖਾ ਚੁੱਕੇ ਹਨ। ਹੁਣ ਪੰਜਾਬ ਦੇ ਲੋਕ ਨਵਾਂ ਇਤਿਹਾਸ ਰਚਣਗੇ।” ਉਨ੍ਹਾਂ ਅਗੇ ਕਿਹਾ, “ਹੁਣ ਲੋਕਾਂ ਨੂੰ ਝਾੜੂ ਦੇ ਰੂਪ ਵਿੱਚ ਆਪਸ਼ਨ ਮਿਲ ਗਿਆ ਹੈ। ਪਹਿਲਾਂ ਕਦੇ ਪਹਿਲੀ ਪਾਰਟੀ ਲੁੱਟਦੀ ਸੀ ਕਦੇ ਦੂਜੀ।”
ਭਗਵੰਤ ਮਾਨ ਇਸ ਵਾਰ ਧੂਰੀ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ, “ਧੂਰੀ ਨੂੰ ਮੈਂ ਸੇਫ ਸੀਟ ਨਹੀਂ ਮੰਨਦਾ, ਪਰ ਮੈਂ ਮਿਹਨਤ ਕਰਾਂਗਾ। ਜੇ ਜਿੱਤ ਗਏ ਤਾਂ ਤਾਲੀਆਂ ਮੇਰੀਆਂ, ਜੇ ਹਾਰ ਗਏ ਤਾਂ ਗਾਲੀਆਂ ਵੀ ਮੇਰੀਆਂ।” ਉਨ੍ਹਾਂ ਕਿਹਾ, “ਇੱਕ ਪਾਸੇ ਮੇਰੀ ਤੇ ਕੇਜਰੀਵਾਲ ਦੀ ਜੋੜੀ ਹੈ ਤੇ ਦੂਸਰੇ ਪਾਸੇ ਸਿੱਧੂ ਤੇ ਚੰਨੀ ਦੀ ਜੋੜੀ ਹੈ। ਅਸੀਂ ਸੇਮ ਟਰੈਕ ‘ਤੇ ਚੱਲ ਰਹੇ ਹਾਂ। ਜਦਕਿ ਸਿੱਧੂ ਤੇ ਚੰਨੀ ਦਾ ਟਰੈਕ ਆਪਸ ‘ਚ ਉਲਝ ਰਿਹਾ ਹੈ। ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਹਨ। ਸਾਡੀ ਦੋ ਭਰਾਵਾਂ ਦੀ ਜੋੜੀ ਹੈ।”
ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਚੁਣਿਆ ਹੈ। ਉਨ੍ਹਾਂ ਕਿਹਾ “ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਨਾਣਾ ਚਾਹੁੰਦੇ ਹਾਂ। ਕੋਈ ਬਾਹਰੀ ਦੇਸ਼ ਨਹੀਂ।”