
ਚੰਡੀਗੜ੍ਹ 03,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ) :: ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਧੀ ਅਮਨਜੋਤ ਨਾਲ ਸਾਰੇ ਸਬੰਧ ਤੋੜ ਲਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਮਨਜੋਤ ਨੇ ਪੇਕੇ ਪਰਿਵਾਰ ਸਮੇਤ ਪੰਜਾਬ ਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਹੈ। ਇਸ ਗਲਤੀ ਲਈ ਉਹ ਅਮਨਜੋਤ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਉਨ੍ਹਾਂ ਨੇ ਅਮਨਜੋਤ ਨੂੰ ਭਵਿੱਖ ਵਿੱਚ ਆਪਣੇ ਨਾਮ ਨਾਲ ਰਾਮੂਵਾਲੀਆ ਸ਼ਬਦ ਲਿਖਣ ਤੋਂ ਵਰਜਦਿਆਂ ਕਿਹਾ ਕਿ ਉਹ ਵਿਆਹ ਤੋਂ ਬਾਅਦ ਉਸ ਦਾ ਹੁਣ ਰਾਮੂਵਾਲੀਆ ਪਿੰਡ ਨਾਲ ਕੋਈ ਸਬੰਧ ਨਹੀਂ। ਲਿਹਾਜ਼ਾ ਹੁਣ ਉਹ ਸਿਆਸੀ ਮੈਦਾਨ ਵਿੱਚ ਅਮਨਜੋਤ ਕੌਰ ਵਜੋਂ ਵਿਚਰੇ ਕਿਉਂਕਿ ਹੁਣ ਰਾਮੂਵਾਲੀਆ ਪਰਿਵਾਰ ਨੇ ਵੀ ਅਮਨਜੋਤ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ।
ਰਾਮੂਵਾਲੀਆ ਨੇ ਅਮਨਜੋਤ ਦੇ ਇਸ ਫ਼ੈਸਲੇ ਨੂੰ ਬੇਸਮਝੀ ਵਾਲਾ ਕਦਮ ਦੱਸਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਬਾਪ ਦੀ ਉਂਗਲ ਫੜ ਕੇ ਰਾਜਨੀਤੀ ਦਾ ਪਹਿਲਾ ਪਾਠ ਧੀ ਨੇ ਸਿੱਖਿਆ, ਉਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਰਾਏ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਉਹ ਸਾਰੀ ਉਮਰ ਆਰਐਸਐਸ ਤੇ ਜਨਸੰਘ ਦੇ ਸਖ਼ਤ ਵਿਰੋਧੀ ਰਹੇ ਪਰ ਉਨ੍ਹਾਂ ਦੀ ਬੇਟੀ ਅਮਨਜੋਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਬਲਵੰਤ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ 12 ਦਿਨ ਮਮਤਾ ਬੈਨਰਜੀ ਦੀ ਮਦਦ ਕੀਤੀ, ਪੱਛਮੀ ਬੰਗਾਲ ਵਿੱਚ ਭਾਜਪਾ ਨੇ ‘ਮਹਾਭਾਰਤ’ ਜਿੰਨਾ ਜ਼ੋਰ ਲਗਾਇਆ ਹੋਇਆ ਸੀ ਪਰ ਇਸ ਦੇ ਬਾਵਜੂਦ ਭਾਜਪਾ ਉੱਥੇ ਹਾਰ ਗਈ।https://imasdk.googleapis.com/js/core/bridge3.473.0_en.html#goog_1062961585
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਯੂਪੀ ਚੋਣਾਂ ਜਿੱਤਣ ਲਈ ਪਹਿਲਾਂ ਤੋਂ ਵੀ ਵੱਧ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਸਿਆਸੀ ਆਗੂਆਂ ਦੇ ਪਰਿਵਾਰਾਂ ਵਿੱਚ ਫੁੱਟ ਪਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਇਸ ਫੁੱਟ ਦਾ ਲਾਹਾ ਲਿਆ ਜਾ ਸਕੇ। ਭਾਜਪਾ ਨੂੰ ਪਰਿਵਾਰ ਤੋੜਨ ਦੀ ਰਾਜਨੀਤੀ ਕਾਫ਼ੀ ਮਹਿੰਗੀ ਪਵੇਗੀ।
