*“ਧਰਤੀ ਮਾਤਾ ਕਰੇ ਪੁਕਾਰ, ਅੱਗ ਲਾਕੇ ਨਾ ਮੈਨੂੰ ਸਾੜ” ਦੇ ਨਾਅਰੇ ਹੇਠ ਬੱਚਿਆਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਕੀਤਾ ਪ੍ਰੇਰਿਤ*

0
18

ਮਾਨਸਾ, 04 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ਤਹਿਤ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ “ਧਰਤੀ ਮਾਤਾ ਕਰੇ ਪੁਕਾਰ, ਅੱਗ ਲਾਕੇ ਨਾ ਮੈਨੂੰ ਸਾੜ” ਦੇ ਨਾਅਰੇ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਬੱਚਿਆਂ ਨੂੰ ਪਰਾਲੀ ਦੇ ਧੂੰਏ ਨਾਲ ਵਾਤਾਰਵਣ ਅਤੇ ਜੀਵਾਂ ਨੂੰ ਹੁੰਦੇ ਨੁਕਸਾਨ ਪ੍ਰਤੀ ਜਾਗਰੂਕ ਕਰਨਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਹਾਇਕ ਪੋ੍ਰਫੈਸਰ (ਗ੍ਰਹਿ ਵਿਗਿਆਨ) ਮੈਡਮ ਰਾਜਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜਿਸ ਦੇ ਫ਼ਲਸਰੂਪ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਧੂੰਏ ਨਾਲ ਹੁੰਦੇ ਨੁਕਸਾਨ ਬਾਰੇ ਦੱਸਕੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਣਕਾਰੀ ਸਾਂਝੀ ਕਰਨ।
ਸਹਾਇਕ ਪ੍ਰੋਫੈਸਰ (ਭੂਮੀ ਅਤੇ ਜਲ ਇੰਜੀਨੀਅਰਿੰਗ) ਇੰਜ. ਅਲੋਕ ਗੁਪਤਾ ਨੇ ਦੱਸਿਆ ਕਿ ਬੱਚੇ ਆਪਣੇ ਮਾਪਿਆਂ ਨੂੰ ਇਹ ਜਾਣਕਾਰੀ ਵੀ ਦੇ ਸਕਦੇ ਹਨ ਕਿ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਬਹੁਤ ਹੀ ਘੱਟ ਰੇਟਾਂ ’ਤੇ ਮੁਹੱਈਆ ਕਰਵਾਈ ਜਾਂਦੀ ਹੈ, ਇਸ ਵਿੱਚ ਸਭ ਤੋਂ ਕਾਮਯਾਬ ਮਸ਼ੀਨ ਹੈਪੀ ਸੀਡਰ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖੁਰਾਕੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਇਸ ਦੇ ਉਲਟ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਦੇ ਪਿ੍ਰੰਸੀਪਲ ਸ਼੍ਰੀ ਪਰਦੀਪ ਕੁਮਾਰ ਨੇ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਟੀਮ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਲਈ ਕਿਹਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਭੱਲਣ ਸਿੰਘ ਸੇਖੋਂ ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਬੱਚਿਆਂ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੀਆਂ ਗਤੀ-ਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਪ੍ਰੋਗਰਾਮ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਦੱਸੇ ਨੁਕਤੇ ਆਪਣੇ ਮਾਪਿਆਂ ਨਾਲ ਸਾਂਝੇ ਕਰਨ ਬਾਰੇ ਵੀ ਪ੍ਰੇਰਿਆ। ਇਸ ਪ੍ਰੋਗਰਾਮ ਵਿੱਚ 140 ਦੇ ਕਰੀਬ ਬੱਚੇ ਹਾਜ਼ਰ ਸਨ ਅਤੇ ਇਸ ਪ੍ਰੋਗਰਾਮ ਦੌਰਾਨ ਕਰਵਾਏ ਲੇਖ, ਪੇਂਟਿੰਗ ਅਤੇ ਸਵਾਲ-ਜਵਾਬ ਮੁਕਬਾਲਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here