
ਮਾਨਸਾ 23 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)“ਦ ਬੁੱਗਰਜ ਪਾਠਸ਼ਾਲਾ” ਦਲੇਲ ਸਿੰਘ ਵਾਲਾ ਵਿਖੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਬੱਚਿਆਂ ਨੁੰ ਆਪਣੀ ਮਾਂ-ਬੋਲੀ ਬਾਰੇ ਡੂੰਘਾਈ ਵਿੱਚ ਦੱਸਿਆ ਗਿਆ। ਉੱਥੇ ਹੀ ਬੱਚਿਆਂ ਨੂੰ ਮਾਂ-ਬੋਲੀ ਬੋਲਣ ਅਤੇ ਪੜ੍ਹਣ ਲਈ ਵੀ ਪ੍ਰੇਰਿਤ ਕੀਤਾ ਗਿਆ। ਆਪਣੀ ਮਾਂ ਬੋਲੀ ਪੰਜਾਬੀ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਸਕੂਲ ਦੇ ਪ੍ਰਿੰਸੀਪਲ ਸ਼ਵਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਆਪਣੀ ਮਾਂ ਬੋਲੀ ਬੋਲਣ ਵਿੱਚ ਹਮੇਸ਼ਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਮਾਂ ਬੋਲੀ ਵਿੱਚ ਜਿਨ੍ਹਾਂ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ, ਕਿਸੇ ਹੋਰ ਬੋਲੀ ਵਿੱਚ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਇੱਕ ਅਜਿਹੀ ਮਿੱਠੀ ਤੇ ਸਤਿਕਾਰਤ ਬੋਲੀ ਹੈ, ਜੋ ਹਰ ਇੱਕ ਨੂੰ ਆਪਣਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਪਲੇਅ-ਵੇਅ (ਪ੍ਰੀ-ਨਰਸਰੀ) ਤੋਂ ਹੀ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ।
