ਮਾਨਸਾ, 05 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
7 ਦਸੰਬਰ ਨੂੰ ਮਨਾਏ ਜਾਂਦੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇ ਗੌਰਵਮਈ ਦਿਹਾੜੇ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੰਡਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਐਸ.ਡੀ.ਐਮ ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਝੰਡਾ ਦਿਵਸ ਦੀ ਸ਼ੁਰੂਆਤ ਐਸ.ਡੀ.ਐਮ ਮਾਨਸਾ ਦੇ ਫਲੈਗ ਡੇਅ ਲੇਪਲ ਬੈਜ ਲਗਾਕੇ ਕੀਤੀ ਗਈ। ਇਸ ਮੌਕੇ 03 ਲੋੜਵੰਦ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਝੰਡਾ ਦਿਵਸ ਫੰਡ ਵਿੱਚੋਂ 30,000/— ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਵੰਡੇ ਗਏ।
ਐਸ.ਡੀ.ਐਮ. ਸ਼੍ਰੀ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਬਰਕਰਾਰ ਰੱਖਣ ਲਈ ਸਾਡੇ ਸ਼ੂਰਵੀਰ ਸੈਨਿਕਾਂ ਨੇ ਕਾਫੀ ਸ਼ਹਾਦਤਾਂ ਪਾਈਆਂ ਹਨ ਅਤੇ ਕਈ ਸੈਨਿਕਾਂ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਸਦਾ ਲਈ ਨਕਾਰਾ ਹੋ ਕੇ ਗਏ ਹਨ। ਇਨ੍ਹਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੇ ਸਦਕੇ ਹੀ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇਂ ਹਾਂ। ਉਨਾਂ ਕਿਹਾ ਕਿ ਹਥਿਆਰਬੰਦ ਸੈਨਾਂ ਝੰਡਾ ਦਿਵਸ ਸਾਨੂੰ ਸਭ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਸੁਨਿਹਰਾ ਮੌਕਾ ਪ੍ਰਦਾਨ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖਿਆ ਨੂੰ ਅਪੀਲ ਕੀਤੀ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕਾਰਜ਼ ਲਈ ਅੱਗੇ ਆਈਏ ਅਤੇ ਵੱਧ ਤੋਂ ਵੱਧ ਰਾਸ਼ੀ ਇਕੱਤਰ ਕਰਕੇ ਇਸ ਨੇਕ ਕਾਰਜ਼ ਵਿੱਚ ਯੋਗਦਾਨ ਪਾਈਏ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਮਾਨਸਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ:) ਨੇ ਜ਼ਿਲ੍ਹਾ ਮਾਨਸਾ ਅਤੇ ਸਮੂਹ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਕਿਉਂਕਿ ਇਸ ਫੰਡ ਵਿੱਚ ਇਕੱਤਰ ਕੀਤੀ ਗਈ ਰਾਸ਼ੀ ਨਾਲ ਲੋੜਵੰਦ ਹਥਿਆਰਬੰਦ ਸੈਨਾਵਾਂ ਦੇ ਸ਼ਹੀਦ ਸੈਨਿਕਾਂ, ਜਿੰਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ-ਆਪ ਕੁਰਬਾਨ ਕਰ ਦਿੱਤਾ, ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਵਰਤੀ ਜਾਂਦੀ ਹੈ। ਇਸ ਲਈ ਆਪ ਸਭ ਝੰਡਾ ਫੰਡ (ਫਲੈਗ ਡੇਅ ਫੰਡ) ਵਿੱਚ ਦਿਲ ਖੋਲ੍ਹ ਕੇ ਦਾਨ ਦਿਓ। ਇਹ ਦਾਨ ਆਮਦਨ ਕਰ ਤੋਂ ਵੀ ਮੁਕਤ ਹੈ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਦੇ ਸੁਪਰਡੈਂਟ ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਜਸਕਰਨ ਸਿੰਘ, ਸੂਬੇਦਾਰ ਸੇਵਕ ਸਿੰਘ, ਸੂਬੇਦਾਰ ਦਰਸ਼ਨ ਸਿੰਘ ਅਤੇ ਅਧਿਆਪਕ ਜਗਜੀਵਨ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਸਾਬਕਾ ਸੈਨਿਕ, ਵਿਧਵਾਵਾਂ ਅਤੇ ਆਸ਼ਰਿਤ ਸ਼ਾਮਿਲ ਹੋਏ।