ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਘਰਾਂ ‘ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਮਿਲਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਰਕਾਰ ਸਿਰ ਪਾ ਦਿੱਤੀ ਹੈ ਪਰ ਕੇਂਦਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਉਧਰ, ਕਿਸਾਨ ਦੋਚਿੱਤੀ ਵਿੱਚ ਹਨ ਕਿ ਆਖਰ ਸਰਕਾਰ ਨੇ ਇੱਕ ਵਾਰ ਪ੍ਰਚਾਰ ਕਰਕੇ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਕਿਉਂ ਨਹੀਂ ਲਿਆ।
ਉਂਝ ਕੈਪਟਨ ਨੇ ਇੱਕ ਵਾਰ ਫਿਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਮਈ ਮਹੀਨੇ ਵਿੱਚ ਕਣਕ ਵੇਚਣਗੇ, ਉਨ੍ਹਾਂ ਨੂੰ ਪ੍ਰਤੀ ਕੁਇੰਟਲ ਸੌ ਰੁਪਏ ਬੋਨਸ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਕਿਸਾਨ 31 ਮਈ ਤੋਂ ਬਾਅਦ ਕਣਕ ਵੇਚਣਗੇ ਉਨ੍ਹਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ।
ਉਧਰ, ਵਿਰੋਧੀ ਧਿਰਾਂ ਮੰਗ ਕਰ ਰਹੀਆਂ ਹਨ ਕਿ ਜੇਕਰ ਕੇਂਦਰ ਸਰਕਾਰ ਇਹ ਬੋਨਸ ਨਹੀਂ ਦਿੰਦੀ ਤਾਂ ਕੈਪਟਨ ਸਰਕਾਰ ਖੁਦ ਕਿਸਾਨਾਂ ਨੂੰ ਬੋਨਸ ਦੇਣ। ਅੱਜ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਕੈਪਟਨ ਸਰਕਾਰ ਨੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਰਿਪੋਰਟਾਂ ਮੁਤਾਬਕ ਬਹੁਤ ਸਾਰੇ ਕਿਸਾਨ ਕਣਕ ਘਰੇ ਸਾਂਭਣ ਲਈ ਤਿਆਰ ਹਨ ਪਰ ਉਹ ਇਸ ਦੇ ਇਵਜ਼ ਵਿੱਚ ਬੋਨਸ ਚਾਹੁੰਦੇ ਹਨ।
ਦਰਅਸਲ ਕੋਰੋਨਾ ਸੰਕਟ ਕਰਕੇ ਪੰਜਾਬ ਸਰਕਾਰ ਨੇ ਘਰਾਂ ’ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਜਵੀਜ਼ ਬਣਾਈ ਸੀ। ਇਹ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਸੀ। ਕੈਪਟਨ ਨੇ ਕਿਹਾ ਸੀ ਕਿ ਮੋਦੀ ਸਰਕਾਰ ਕੋਲੋਂ ਹਰੀ ਝੰਡੀ ਦੇਣ ਮਗਰੋਂ ਪੰਜਾਬ ਸਰਕਾਰ ਇਸ ਦਾ ਐਲਾਨ ਕਰ ਦੇਵੇਗੀ। ਇਸ ਤਜਵੀਜ਼ ਮੁਤਾਬਕ ਉਨ੍ਹਾਂ ਕਿਸਾਨਾਂ ਨੂੰ ਕਣਕ ’ਤੇ ਪ੍ਰਤੀ ਕੁਇੰਟਲ ਪਿੱਛੇ 100 ਤੋਂ 200 ਰੁਪਏ ਤੱਕ ਬੋਨਸ ਮਿਲੇਗਾ, ਜੋ ਕਣਕ ਨੂੰ ਕੁਝ ਸਮੇਂ ਵਾਸਤੇ ਆਪੋ ਆਪਣੇ ਘਰਾਂ ਵਿੱਚ ਰੱਖਣਗੇ। ਕਣਕ ਦਾ ਸਰਕਾਰੀ ਭਾਅ ਐਤਕੀਂ 1925 ਰੁਪਏ ਪ੍ਰਤੀ ਕੁਇੰਟਲ ਹੈ।
ਹਾਸਲ ਜਾਣਕਾਰੀ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ। ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ।