
ਮਾਨਸਾ 29 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਆਏ ਦਿਨ ਆਪਣੀਆਂ ਊਲ ਜਲੂਲ ਕਾਰਵਾਈਆਂ ਕਾਰਨ ਚਰਚਾ ਚ ਰਹਿਣ ਵਾਲੇ ਸਿੱਖਿਆ ਵਿਭਾਗ ਦੇ ਮਾਨਸਾ ਜਿਲੇ ਦੇ ਸਿੱਖਿਆ ਅਫਸਰ ਨੇ ਇਸ ਲੜੀ ਚ ਵਾਧਾ ਕਰਦਿਆਂ ਇੱਕ ਹੋਰ ਨਵਾਂ ਚੰਦ ਚਾੜਿਆ ਹੈ। ਇਸ ਅਧਿਕਾਰੀ ਵੱਲੋਂ ਦੁਸਹਿਰੇ ਵਾਲੇ ਦਿਨ ਆਨਲਾਈਨ ਪੇਪਰ ਨਾ ਦੇਣ ਵਾਲੇ ਬੱਚਿਆਂ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ 2 ਨਵੰਬਰ ਨੂੰ ਨਿੱਜੀ ਰੂਪ ਚ ਪੇਸ਼ ਹੋਣ ਲਈ ਕਿਹਾ ਹੈ।
ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਦੇ ਜਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ, ਓਮ ਪ੍ਰਕਾਸ਼ ਸਰਦੂਲਗੜ੍ਹ ਅਤੇ ਅਮੋਲਕ ਡੇਲੂਆਣਾ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਛੁੱਟੀ ਵਾਲੇ ਦਿਨ ਟੈਸਟ ਅਤੇ ਹੋਰ ਆਨਲਾਈਨ ਗਤੀਵਿਧੀਆਂ ਬੰਦ ਕਰਨ ਦੀ ਮੰਗ ਕੀਤੀ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਬਿਨਾ ਵਜ੍ਹਾ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਆਪਣਾ ਰਵੱਈਆਂ ਨਾ ਬਦਲਿਆਂ ਤਾ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਬਲਾਕ ਆਗੂਆਂ ਕ੍ਰਿਸ਼ਨ ਰੰਗੜਿਆਲ, ਗੁਰਲਾਲ ਗੁਰਨੇ, ਹੰਸਾਂ ਸਿੰਘ, ਕੌਰ ਸਿੰਘ ਫੱਗੂ, ਪਰਮਿੰਦਰ ਮਾਨਸਾ , ਇਕਬਾਲ ਬਰੇਟਾ,ਗੁਰਦਾਸ ਗੁਰਨੇ, ਅਵਤਾਰ ਅੱਕਾਂਵਾਲੀ, ਹਰਵਿੰਦਰ ਮੋਹਲ , ਗੁਰਤੇਜ ਉੱਭਾ, ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਪ੍ਰਸਾਸਨ ਮਾਪਿਆਂ ਤੋਂ ਘੋਸ਼ਣਾ ਪੱਤਰ ਲੈਣ ਦੀ ਬਜਾਏ ਖੁਦ ਜਿੰਮੇਵਾਰੀ ਲੈ ਕੇ ਬੱਚਿਆ ਦਾ ਸਕੂਲ ਆਉਣਾ ਯਕੀਨੀ ਬਣਾਏ ਅਤੇ ਆਨਲਾਈਨ ਗਤੀਵਿਧੀਆਂ ਬੰਦ ਕਰੇ। ਫਾਲਤੂ ਦੇ ਟੈਸਟਾਂ ਦੀ ਬਜਾਏ ਸਿਲੇਬਸ ਵੱਲ ਧਿਆਨ ਦਿੱਤਾ ਜਾਵੇ।
