ਅੰਮ੍ਰਿਤਸਰ 4 ਜੁਲਾਈ (ਸਾਰਾ ਯਹਾ) : ਦੁਸਹਿਰੇ ਦੀ ਸ਼ਾਮ 19 ਅਕਤਬੂਰ, 2018 ਨੂੰ ਇੱਥੋਂ ਦੇ ਜੌੜਾ ਰੇਲਵੇ ਫਾਟਕ ‘ਤੇ ਹੋਏ ਰੇਲ ਹਾਦਸੇ ਦੇ ਮਾਮਲੇ ‘ਚ ਨਗਰ ਨਿਗਮ ਦੇ ਚਾਰ ਅਫ਼ਸਰਾਂ ਨੂੰ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਸ ਹਾਦਸੇ ‘ਚ 58 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋਏ ਸਨ।
ਇਸ ਦਿਨ ਲੋਕ ਰੇਲ ਪਟੜੀ ‘ਤੇ ਖੜੇ ਹੋਕੇ ਰਾਵਨ ਦਹਿਨ ਦੇਖ ਰਹੇ ਸਨ ਤਾਂ ਉਸ ਵੇਲੇ ਆਈ ਟਰੇਨ ਨੇ ਇਨ੍ਹਾਂ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਪ੍ਰੋਗਰਾਮ ‘ਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸੇ ਕਾਰਨ ਸਿੱਧੂ ਜੋੜੇ ਨੂੰ ਇਸ ਹਾਦਸੇ ਲਈ ਦੋਸ਼ੀ ਠਹਿਰਾਇਆ ਜਾਣ ਲੱਗਾ। ਹਾਲਾਂਕਿ ਬਾਅਦ ‘ਚ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ।
ਹੁਣ ਰਿਟਾਇਰਡ ਜੱਜ ਅਮਰਜੀਤ ਸਿੰਘ ਕਟਾਰੀ ਨੇ ਜਾਂਚ ਰਿਪੋਰਟ ‘ਚ ਅੰਮ੍ਰਿਤਸਰ ਨਗਰ ਨਿਗਮ ਦੇ ਅਸਟੇਟ ਅਫ਼ਸਰ ਸੁਸ਼ਾਂਤ ਕੁਮਾਰ, ਸੁਪਰਟੈਂਡੇਂਟ ਪੁਸ਼ਪਿੰਦਰ ਸਿੰਘ, ਇੰਸਪੈਕਟਰ ਕੇਵਲ ਕਿਸ਼ਨ ਅਤੇ ਸੁਪਰਟੈਂਡੇਂਟ ਗਰੀਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੌਰਾਨ ਐਡੀਸ਼ਨਲ ਜ਼ਿਲ੍ਹਾ ਫਾਇਰ ਅਫ਼ਸਰ ਕਸ਼ਮੀਰ ਸਿੰਘ ‘ਤੇ ਇਲਜ਼ਾਮ ਸਾਬਤ ਨਾ ਹੋਣ ‘ਤੇ ਉਨ੍ਹਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ।
ਅਸਟੇਟ ਅਫ਼ਸਰ ਸੁਸ਼ਾਂਤ ਕੁਮਾਰ ਨੇ ਦੱਸਿਆ ਕਿ ਲੋਕਲ ਬੌਡੀ ਵਿਭਾਗ ਦੇ ਅਡੀਸ਼ਨਲ ਚੀਫ ਸੈਕਟਰੀ ਨੇ ਉਨ੍ਹਾਂ ਨੂੰ 26 ਅਗਸਤ, 2020 ਨੂੰ ਆਪਣਾ ਪੱਖ ਰੱਖਣ ਲਈ ਮੌਕਾ ਦਿੱਤਾ ਹੈ।