ਅੰਮ੍ਰਿਤਸਰ 06 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦੁਬਈ ਤੋਂ ਮੁੜੇ ਇੱਕ ਯਾਤਰੀ ਕੋਲੋਂ 47 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਜਿਦਾਂ ਹੀ ਦੁਬਈ ਦੀ ਉਡਾਣ ਵਿਚੋਂ ਇਹ ਯਾਤਰੀ ਬਾਹਰ ਆਇਆ ਤਾਂ ਕਸਟਮ ਵਿਭਾਗ ਨੇ ਉਸ ਨੂੰ ਕਾਬੂ ਕਰ ਲਿਆ। ਵਿਭਾਗ ਨੇ ਸਾਰਾ ਸੋਨਾ ਜ਼ਬਤ ਕਰਨ ਮਗਰੋਂ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੁਬਾਈ ਤੋਂ ਸੋਨਾ ਲੈ ਕੇ ਆ ਰਹੇ ਤਸਕਰ ਨੇ ਫੋਮ ਬਣਾ ਕੇ ਉਸ ਉਪਰ ਕਾਰਬਨ ਪੇਪਰ ਚੜ੍ਹਾਇਆ ਹੋਇਆ ਸੀ, ਤਾਂ ਜੋ ਐਕਸ ਰੇਅ ਮਸ਼ੀਨ ‘ਚ ਇਸ ਨੂੰ ਟ੍ਰੇਸ ਨਾ ਕੀਤਾ ਜਾ ਸਕੇ ਪਰ ਕਸਟਮ ਵਿਭਾਗ ਨੇ ਸ਼ਾਤਰ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਉਸ ਦੇ ਇਰਾਦੇ ਨਾਕਾਮ ਕਰ ਦਿੱਤੇ। ਪੁਲਿਸ ਅਤੇ ਕਸਟਮ ਵਿਭਾਗ ਅੱਗੇ ਦੀ ਕਾਰਵਾਈ ਵਿੱਚ ਜੁੱਟ ਗਿਆ ਹੈ।