ਬਰੇਟਾ 25 ਅਕਤੂਬਰ (ਸਾਰਾ ਯਹਾ/ਰੀਤਵਾਲ) : ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਸ਼ੁੱਧ
ਹੁੰਦੀਆਂ ਸਨ, ਜਿਸ ਕਰਕੇ ਉਸ ਵੇਲੇ ਲੋਕ ਚੰਗੀ ਸਿਹਤ ਦੇ ਮਾਲਕ ਹੁੰਦੇ ਸਨ ਅਤੇ ਭਿਆਨਕ ਬਿਮਾਰੀਆਂ
ਤੋਂ ਵੀ ਬਚੇ ਰਹਿੰਦੇ ਸਨ, ਪਰ ਅੱਜ ਦਾ ਜ਼ਮਾਨਾ ਮਿਲਾਵਟ ਦਾ ਜ਼ਮਾਨਾ ਹੋ ਗਿਆ ਹੈ । ਪਦਾਰਥਵਾਦੀ
ਯੁੱਗ ਵਿਚ ਕਈ ਲੋਕ ਪੈਸਾ ਕਮਾਉਣ ਦੀ ਲੱਗੀ ਅੰਨ੍ਹੀ ਦੌੜ ‘ਚ ਦੂਜੇ ਮਨੁੱਖਾਂ ਦੀ ਸਿਹਤ ਨਾਲ
ਖਿਲਵਾੜ ਕਰਨ ‘ਚ ਲੱਗੇ ਹੋਏ ਹਨ। ਇਸ ਪ੍ਰਤੀ ਸਿਹਤ ਵਿਭਾਗ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ ‘ਚ ਹੈ ਅਤੇ
ਮਿਲਾਵਟਖੋਰੀ ਨੂੰ ਨਕੇਲ ਪਾਉਣ ‘ਚ ਸਰਕਾਰ ਵੀ ਪੂਰੀ ਤਰਾਂ੍ਹ ਅਸਫਲ ਸਿੱਧ ਹੋ ਰਹੀ ਹੈ । ਗੁਪਤ ਸੂਤਰਾਂ
ਅਨੁਸਾਰ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਦੀਵਾਲੀ ਦੇ ਤਿਉਹਾਰ ਤੇ ਮਿਠਾਈ ਵੇਚਣ ਵਾਲੇ ਬਰੇਟਾ ਦੇ
ਕੁਝ ਦੁਕਾਨਦਾਰਾਂ ਵੱਲੋ ਵੱਡੇ ਪੱਧਰ ਤੇ ਮਿਠਾਈ ਦੇ ਆਰਡਰ ਹਰਿਆਣਾ ਦੇ ਸ਼ਹਿਰ’ਟੋਹਾਣਾ ‘ਚ ਬੁੱਕ
ਕਰਵਾ ਦਿੱਤੇ ਗਏ ਹਨ ਪਰ ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਇਸ ਵਾਰ ਨਕਲੀ ਮਿਠਾਈਆਂ ਵੇਚਣ
ਵਾਲਿਆਂ ਤੇ ਕੋਈ ਸਿਕੰਜਾ ਕਸੇਗਾ ਜਾਂ ਫਿਰ ਹਰ ਵਾਰ ਦੀ ਤਰਾਂ੍ਹ ਸ਼ਹਿਰ ‘ਚ ਨਕਲੀ ਮਿਠਾਈ ਦਾ ਕਾਰੋਬਾਰ
ਇਸੇ ਤਰਾਂ੍ਹ ਵਧਦਾ ਫੁੱਲਦਾ ਰਹੇਗਾ ? ਵਰਨਣਯੋਗ ਹੈ ਕਿ ਕੁੱਝ ਫਰਜੀ ਦੁਕਾਨਦਾਰਾਂ ਵੱਲੋਂ ਵੀ ਦੀਵਾਲੀ
ਦੇ ਤਿਉਹਾਰ ਨੂੰ ਦੇਖਦੇ ਹੋਏ ਹਰਿਆਣਾ ਤੋਂ ਸਸਤੀਆਂ ਅਤੇ ਘਟੀਆ ਕਿਸਮ ਦੀਆਂ ਮਿਠਾਈਆਂ
ਖਰੀਦ ਕੇ ਦੀਵਾਲੀ ਵਾਲੇ ਦਿਨ ਵੱਡੇ ਵੱਡੇ ਅੱਡੇ ਲਗਾਕੇ ਨਕਲੀ ਮਿਠਾਈ ਵੇਚਣ ਦੀਆਂ ਬੁਣਤਾਂ ਬੁਣੀਆਂ ਜਾ
ਰਹੀਆਂ ਹਨ । ਜੋ ਹਲਵਾਈ ਦੇ ਕੰਮ ਬਾਰੇ ਬਿਲਕੁੱਲ ਵੀ ਜਾਣਕਾਰੀ ਨਹੀਂ ਰੱਖਦੇ। ਆਵਾਜ਼ ਬੁਲੰਦ ਲੋਕਾਂ
ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਨਕਲੀ ਮਿਠਾਈ ਫੜਨ ਦਾ ਡਰਾਮਾ
ਕੀਤਾ ਜਾਂਦਾ ਹੈ ਪਰ ਅੱਜ ਤੱਕ ਕਿਸੇ ਵੀ ਨਕਲੀ ਮਿਠਾਈ ਵੇਚਣ ਵਾਲੇ ਨੂੰ ਕੋਈ ਸਖਤ ਸਜਾ ਨਹੀਂ ਹੋਈ ।
ਜਿਸ ਕਰਕੇ ਸ਼ਹਿਰ ‘ਚ ਮਿਲਾਵਟ ਖੋਰੀ ਦਾ ਧੰਦਾ ਦਿਨੋ ਦਿਨ ਵਧ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਵੀ ਅਪੀਲ
ਕੀਤੀ ਕਿ ਤਿਉਹਾਰਾਂ ਦੇ ਦਿਨਾਂ ‘ਚ ਬਜ਼ਾਰ ਵਿੱਚ ਵਿਕ ਰਹੀਆਂ ਜਹਿਰੀਲੀਆਂ ਮਿਠਾਈਆਂ ਦਾ ਤਿਆਗ ਕਰਕੇ
ਆਪਣੇ ਘਰਾਂ ਵਿੱਚ ਬਣਾਈਆਂ ਜਾਂਦੀਆਂ ਰਿਵਾਇਤੀ ਮਿਠਾਈਆਂ ਵੱਲ ਵੱਧਕੇ ਆਪਣੀ ਸਿਹਤ ਦਾ
ਖਿਆਲ ਰੱਖਣ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਮਾਨਦਾਰੀ ਨਾਲ ਸਖਤ ਕਦਮ ਚੁੱਕੇ
ਤਾਂ ਇਸ ਧੰਦੇ ਨੂੰ ਪੱਕੇ ਤੌਰ ਤੇ ਬਰੇਕਾਂ ਲੱਗ ਸਕਦੀਆਂ ਹਨ ਪਰ ਹਕੀਕਤ ‘ਚ ਅਜਿਹਾ ਹੋਣਾ ਹਾਲੇ
ਨਾਮੁਮਕਿਨ ਜਾਪ ਰਿਹਾ ਹੈ । ਜਦ ਇਸ ਸਬੰਧੀ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨਾਲ
ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਮੀਟਿੰਗ ‘ਚ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ।