ਚੰਡੀਗੜ੍ਹ, 12 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):: ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ ਇੱਕ ਕਰੋੜ ਰੁਪਏ ਦਾ ਦੂਸਰਾ ਇਨਾਮ ਜਿੱਤ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਕਿਸਾਨ ਰਾਜਿੰਦਰ ਸਿੰਘ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਇਸ ਬੰਪਰ ਦਾ ਨਤੀਜਾ 8 ਨਵੰਬਰ ਨੂੰ ਐਲਾਨਿਆ ਗਿਆ ਸੀ।
ਰਾਜਿੰਦਰ ਸਿੰਘ ਨੂੰ ਇਹ ਇਨਾਮ ਲਾਟਰੀ ਟਿਕਟ ਨੰਬਰ ਏ- 875367 ਲਈ ਮਿਲਿਆ ਹੈ। ਜੇਤੂ ਵੱਲੋਂ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਅੱਜ ਸਟੇਟ ਲਾਟਰੀ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਲਾਟਰੀ ਟਿਕਟ ਅਤੇ ਲੋੜੀਂਦੇ ਦਸਤਾਵੇਜ ਜਮ੍ਹਾਂ ਕਰਵਾਏ ਗਏ।
ਰਾਤੋ-ਰਾਤ ਕਰੋੜਪਤੀ ਬਣੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਧੀਆਂ ਤੇ ਇਕ ਬੇਟਾ ਹੈ। ਉਸ ਨੇ ਕਿਹਾ ਕਿ ਉਹ ਇਸ ਇਨਾਮੀ ਰਾਸ਼ੀ ਦੀ ਵਰਤੋਂ ਧੀਆਂ ਦੇ ਵਿਆਹ, ਮਕਾਨ ਬਣਾਉਣ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੇਗਾ।
ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ।