
27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼):: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ। ਡੀਡੀਐਮਏ (Delhi Disaster Management Authority) ਦੀ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਘਟਦੇ ਕੋਰੋਨਾ ਕੇਸ ਦੇ ਵਿਚਕਾਰ ਵੀਕੈਂਡ ਕਰਫਿਊ ਖ਼ਤਮ ਕਰਨ ਸਮੇਤ ਇਹ ਮਹੱਤਵਪੂਰਨ ਫੈਸਲੇ ਲਏ ਗਏ ਹਨ।
ਇਸ ਦੇ ਨਾਲ ਹੀ ਬਾਜ਼ਾਰਾਂ ‘ਚ ਦੁਕਾਨਾਂ ਤੋਂ ਔਡ-ਈਵਨ ਨਿਯਮ ਹਟਾਇਆ ਜਾਵੇਗਾ। ਹਾਲਾਂਕਿ ਰਾਤ ਦਾ ਕਰਫਿਊ ਫਿਲਹਾਲ ਜਾਰੀ ਰਹੇਗਾ। ਇਸ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਇਸ ਦੇ ਨਾਲ ਹੀ ਬੈਠਕ ‘ਚ ਦਿੱਲੀ ਦੇ ਅੰਦਰ 50 ਫੀਸਦੀ ਸਮਰੱਥਾ ਵਾਲੇ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਵਿਆਹ ਸਮਾਗਮ ‘ਚ 200 ਲੋਕਾਂ ਦੇ ਸ਼ਾਮਲ ਹੋਣ ‘ਤੇ ਵੀ ਛੋਟ ਹੋਵੇਗੀ।
ਇਸ ਤੋਂ ਇਲਾਵਾ ਦਿੱਲੀ ‘ਚ ਸਰਕਾਰੀ ਦਫਤਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਹਾਲਾਂਕਿ ਸਿੱਖਿਆ ਸੰਸਥਾਵਾਂ ਅਤੇ ਸਕੂਲ ਫਿਲਹਾਲ ਬੰਦ ਰਹਿਣਗੇ। ਸਕੂਲ ਖੋਲ੍ਹਣ ਬਾਰੇ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਹ ਫੀਸਦੀ ਸਮਰੱਥਾ ਨਾਲ ਰੈਸਟੋਰੈਂਟ ਤੇ ਬਾਰ ਵੀ ਖੁੱਲ੍ਹ ਸਕਣਗੇ।
ਜ਼ਿਕਰਯੋਗ ਹੈ ਕਿ ਦਿੱਲੀ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਕਮੀ ਹੋ ਰਹੀ ਹੈ। ਸਤੇਂਦਰ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਅਤੇ ਅੱਜ ਕਰੀਬ ਪੰਜ ਹਜ਼ਾਰ ਨਵੇਂ ਮਾਮਲੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ‘ਚ ਕੋਰੋਨਾ ਦੇ 7 ਹਜ਼ਾਰ 498 ਮਾਮਲੇ ਸਾਹਮਣੇ ਆਏ ਸਨ।
ਬੁੱਧਵਾਰ ਨੂੰ ਦਿੱਲੀ ‘ਚ ਕੋਰੋਨਾ ਵਾਇਰਸ ਦੀ ਲਾਗ ਦੇ 7,498 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਹਾਮਾਰੀ ਕਾਰਨ 29 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਇਨਫੈਕਸ਼ਨ ਦੀ ਦਰ 10.59 ਫੀਸਦੀ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ 6,028 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 31 ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਲਾਗ ਦੀ ਦਰ 10.55 ਫੀਸਦੀ ਹੋ ਗਈ ਸੀ।
