*ਦਿੱਲੀ ਪੁਲਿਸ ਦਾ ਸ਼ਿਕਾਰ ਹੋਏ ਪੰਜਾਬ ਦੇ ਨੌਜਵਾਨਾਂ ਨੇ ਦੱਸੀ ਹੱਡਬੀਤੀ*

0
47

ਅੰਮ੍ਰਿਤਸਰ 06,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਦਿੱਲੀ ‘ਚ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੌਜਵਾਨਾਂ ਵੱਲੋਂ ਹਿਰਾਸਤ ‘ਚ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਸਨ। ਇਸ ਮਗਰੋਂ ਪੰਜਾਬ ਭਰ ‘ਚ ਪੜਤਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ।


ਇਸ ਕਮੇਟੀ ‘ਚ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਚੇਅਰਮੈਨ ਬਣਾਇਆ ਗਿਆ ਸੀ। ਇਹ ਕਮੇਟੀ ਅੱਜ ਅੰਮ੍ਰਿਤਸਰ ‘ਚ ਪੁੱਜੀ ਜਿਸ ‘ਚ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਸ਼ਾਮਲ ਸਨ। ਇਸ ਕਮੇਟੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪੀੜਤ ਨੌਜਵਾਨਾਂ ਦੇ ਬਿਆਨ ਦਰਜ ਕੀਤੇ।

ਇਸ ਮੌਕੇ ਕੁਲਦੀਪ ਵੈਦ, ਚੰਦੂਮਾਜਰਾ ਤੇ ਬੀਬੀ ਮਾਣੂਕੇ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਨ੍ਹਾਂ ਨਾਲ ਜੋ ਕੁਝ ਵਾਪਰਿਆ, ਉਸ ਦੀ ਵਿਸਥਾਰਤ ਰਿਪੋਰਟ ਵਿਧਾਨ ਸਭਾ ਸਪੀਕਰ ਨੂੰ ਸੌਂਪੀ ਜਾਵੇਗੀ। ਇਸ ਦੇ ਨਾਲ ਹੀ ਵੈਦ ਨੇ ਦੱਸਿਆ ਕਿ ਕਮੇਟੀ ਇਨ੍ਹਾਂ ਪੀੜਤ ਨੌਜਵਾਨਾਂ ਨੂੰ ਵਿੱਤੀ ਮਦਦ ਦੇਣ ਬਾਰੇ ਵੀ ਸਰਕਾਰ ਨੂੰ ਸਿਫਾਰਸ਼ ਕਰੇਗੀ।

ਦੂਜੇ ਪਾਸੇ ਪੀੜਤ ਨੌਜਵਾਨਾਂ ਨੇ ਦਿੱਲੀ ‘ਚ ਉਨ੍ਹਾਂ ਨਾਲ ਵਾਪਰੀ ਹੱਡਬੀਤੀ ਬਾਰੇ ਦੱਸਿਆ ਤੇ ਉਮੀਦ ਪ੍ਰਗਟਾਈ ਕਿ ਕਮੇਟੀ ਸਾਨੂੰ ਇਨਸਾਫ ਦਿਵਾਏਗੀ। ਦੱਸ ਦਈਏ ਕਿ ਲਾਲ ਕਿਲਾ ਹਿੰਸਾ ਮਗਰੋਂ ਦਿੱਲੀ ਪੁਲਿਸ ਨੇ ਬਹੁਚ ਸਾਰੇ ਨੌਜਵਾਨਾਂ ਨੂੰ ਨਾਜਾਇਜ਼ ਹੀ ਚੁੱਕ ਲਿਆ ਸੀ। ਇਨ੍ਹਾਂ ਨੌਜਵਾਨਾਂ ਨੇ ਇਲਜ਼ਾਮ ਲਾਇਆ ਸੀ ਕਿ ਪੁਲਿਸ ਨੇ ਉਨ੍ਹਾਂ ‘ਤੇ ਤਸ਼ੱਦਦ ਢਾਹਿਆ। ਇਹ ਨੌਜਵਾਨ ਹੁਣ ਜ਼ਮਾਨਤ ‘ਤੇ ਬਾਹਰ ਹਨ।

LEAVE A REPLY

Please enter your comment!
Please enter your name here