
ਸਰਦੂਲਗੜ੍ਹ , 7 ਜੂਨ(ਸਾਰਾ ਯਹਾਂ/ਬਪਸ): ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਚ ਚਲ ਰਹੇ ਖੇਤੀ ਅੰਦੋਲਨ ਤੋਂ ਪਰਤੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਮਿੱਠੂ ਸਿੰਘ ਭਗਤ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਬਿਮਾਰ ਹੋਣ ਕਾਰਨ ਘਰ ਆਇਆ ਸੀ ਅਤੇ ਘਰ ਆਕੇ ਉਸਦੀ ਹਾਲਤ ਹੋਰ ਵਿਗੜ ਗਈ ਅਤੇ ਉਸਦਾ ਪ੍ਰਾਈਵੇਟ ਡਾਕਟਰਾਂ ਪਾਸੋਂ ਇਲਾਜ ਕਰਵਾਇਆ ਗਿਆ। ਜੋ ਉਸਦੇ ਰਾਸ ਨਹੀਂ ਆਇਆ ਤੇ ਉਹ ਪਰਲੋਕ ਸੁਧਾਰ ਗਿਆ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪੁਰਾਣੇ ਮੁੱਢਲੇ ਮੈਂਬਰ ’ਚੋਂ ਸੀ ਅਤੇ ਲੰਬੇ ਸਮੇਂ ਤੋਂ ਜਥੇਬੰਦੀ ਦੇ ਹਰ ਅੰਦੋਲਨ ਵਿੱਚ ਭਾਗ ਲੈਂਦਾ ਸੀ।
ਮਿ੍ਤਕ ਕਿਸਾਨ ਮਿੱਠੂ ਸਿੰਘ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਧੀਆਂ ਅਤੇ ਦੋ ਪੁੱਤਰ ਛੱਡ ਗਏ ਹਨ। ਉਸਦੀਆਂ ਦੋਨੋਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਦੋਨੋਂ ਪੁੱਤਰ ਅਜੇ ਕੁਆਰੇ ਹਨ। ਉਹ ਛੋਟਾ ਕਿਸਾਨ ਸੀ ਅਤੇ ਕਿਸਾਨੀ ਸੰਘਰਸ ਦੌਰਾਨ ਮੂੰਹਰਲੀਆ ਕਤਾਰਾਂ ਚ ਰਹਿਕੇ ਭਾਗ ਲੈਦਾ ਰਿਹਾ ਹੈ। ਉਸ ਸਿਰ ਸਰਕਾਰੀ ਅਤੇ ਆੜਤੀਆਂ ਦਾ 10 ਲੱਖ ਤੋਂ ਵੱਧ ਦਾ ਕਰਜ਼ਾ ਦੱਸਿਆ ਜਾਂਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਪਿੰਡ ਇਕਾਈ ਦੇ ਆਗੂ ਗੁਰਤੇਜ਼ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਐਕਸਗ੍ਰੇਸੀਆ ਗ੍ਰਾਂਟ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ/ਪ੍ਰਾਈਵੇਟ ਕਰਜ਼ੇ ਮੁਆਫ਼ ਕੀਤਾ ਜਾਵੇ।
