ਨਵੀਂ ਦਿੱਲੀ 18ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ ): ਰਾਜਧਾਨੀ ਦੇ ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਦੀ ਘਾਟ ਦੇ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ 100 ਤੋਂ ਵੀ ਘੱਟ ਬੈੱਡ ਬਾਕੀ ਹਨ। ਉਨ੍ਹਾਂ ਕਿਹਾ ਹੈ ਕਿ ਬੈੱਡ ਦੇ ਨਾਲ-ਨਾਲ ਦਿੱਲੀ ਦੇ ਹਸਪਤਾਲਾਂ ‘ਚ ਆਕਸੀਜਨ ਦੀ ਘਾਟ ਵੀ ਹੈ। ਅਗਲੇ ਦਿਨਾਂ ‘ਚ 6000 ਆਕਸੀਜਨ ਬੈੱਡ ਦਾ ਪ੍ਰਬੰਧ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ, “ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਤਕਰੀਬਨ ਸਾਢੇ 25 ਹਜ਼ਾਰ ਕੇਸ ਆਏ ਹਨ। ਇਹ ਚਿੰਤਾ ਦੀ ਗੱਲ ਹੈ ਕਿ ਪੌਜ਼ੇਟਿਵ ਦਰ ਪਿਛਲੇ 24 ਘੰਟਿਆਂ ਵਿੱਚ ਤਕਰੀਬਨ 30% ਹੋ ਗਈ ਹੈ। ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਕੋਰੋਨਾ ਬੈੱਡ ਬਹੁਤ ਤੇਜ਼ੀ ਨਾਲ ਖਤਮ ਹੋ ਰਹੇ ਹਨ, ਆਈਸੀਯੂ ਬੈੱਡ ਦੀ ਬਹੁਤ ਕਮੀ ਆ ਗਈ ਹੈ। ਪੂਰੀ ਦਿੱਲੀ ‘ਚ 100 ਤੋਂ ਵੀ ਘੱਟ ਆਈਸੀਯੂ ਬੈੱਡ ਬਚੇ ਹਨ। ਆਕਸੀਜਨ ਦੀ ਘਾਟ ਵੀ ਹੈ। ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ‘ਚ ਹਾਂ ਅਤੇ ਸਾਨੂੰ ਕੇਂਦਰ ਸਰਕਾਰ ਤੋਂ ਮਦਦ ਮਿਲ ਰਹੀ ਹੈ।”
ਕੇਜਰੀਵਾਲ ਨੇ ਅੱਗੇ ਕਿਹਾ, “ਕੱਲ੍ਹ ਮੈਂ ਡਾਕਟਰ ਹਰਸ਼ਵਰਧਨ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਬੈੱਡ ਅਤੇ ਆਕਸੀਜਨ ਦੀ ਬਹੁਤ ਜ਼ਰੂਰਤ ਹੈ। ਅੱਜ ਮੈਂ ਅਮਿਤ ਸ਼ਾਹ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਵੀ ਇਹ ਕਿਹਾ ਕਿ ਬੈੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦਿੱਲੀ ਦੇ ਹਸਪਤਾਲਾਂ ‘ਚ ਕੇਂਦਰ ਸਰਕਾਰ ਦੇ 10,000 ਬੈੱਡ ਹਨ। ਇਸ ਵਿੱਚੋਂ 1800 ਬਿਸਤਰੇ ਕੋਰੋਨਾ ਲਈ ਰਾਖਵੇਂ ਹਨ।”
ਉਨ੍ਹਾਂ ਅੱਗੇ ਕਿਹਾ, “ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਨਾਜ਼ੁਕ ਸਥਿਤੀ ਵਿੱਚ ਘੱਟੋ ਘੱਟ 7,000 ਬਿਸਤਰੇ ਕੋਰੋਨਾ ਲਈ ਰਾਖਵੇਂ ਰੱਖੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਤੁਰੰਤ ਆਕਸੀਜਨ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਸਰਕਾਰ ਅਗਲੇ 2-3 ਦਿਨਾਂ ਵਿੱਚ 6,000 ਤੋਂ ਵੱਧ ਆਕਸੀਜਨ ਬੈੱਡ ਤਿਆਰ ਕਰ ਲਵੇਗੀ।”