
ਚੰਡੀਗੜ੍ਹ, 2 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦੇ ਪੰਜਾਬ ਵਿਚਲੇ ਹਿੱਸੇ ਨੂੰ ਨਕੋਦਰ ਨਾਲ ਸੰਪਰਕ ਮੁਹੱਈਆ ਕਰਵਾ ਕੇ ਗਰੀਨਫੀਲਡ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੋ ਅੱਗੇ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤੱਕ ਜਾਵੇਗਾ।
ਕੇਂਦਰੀ ਸੜਕ, ਆਵਾਜਾਈ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਬਾਅਦ ਦੁਪਹਿਰ ਵੀਡੀਓ ਕਾਨਫਰੰਸਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਥਾਨਕ ਨਾਗਰਿਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਇਸ ਪ੍ਰਾਜੈਕਟ ਨੂੰ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਤਰਨ ਤਾਰਨ ਨੂੰ ਜੋੜਨ ਵਿੱਚ ਨਾਕਾਮ ਰਹਿਣ ‘ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ। ਇਸੇ ਤਰ੍ਹਾਂ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਮੁਢਲੇ ਪ੍ਰਸਤਾਵ ਮੁਤਾਬਕ ਕਰਤਾਰਪੁਰ ਤੋਂ ਅੰਮ੍ਰਿਤਸਰ ਤੱਕ ਮੌਜੂਦਾ ਜੀ.ਟੀ. ਰੋਡ ਨੂੰ ਬ੍ਰਾਊਨਫੀਲਡ ਪ੍ਰਾਜੈਰਟ ਦੇ ਤੌਰ ‘ਤੇ ਚੌੜਾ ਕਰਨਾ ਸੀ ਜੋ ਮਹਿੰਗਾ ਸਾਬਿਤ ਹੋ ਰਿਹਾ ਸੀ ਕਿਉਂ ਜੋ ਇਸ ਨਾਲ ਜ਼ਮੀਨ ਗ੍ਰਹਿਣ ਕਰਨ ਵਾਸਤੇ ਵੱਡੇ ਪੱਧਰ ‘ਤੇ ਉਸਾਰੀਆਂ ਢਾਹੁਣੀਆਂ ਪੈਣਗੀਆਂ।
ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਅਤੇ ਪ੍ਰਸਤਾਵ ਦੇ ਸਾਰੇ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਐਨ.ਐਚ.ਏ.ਆਈ. ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਦੇ ਪਹਿਲੇ ਪੜਾਅ ਦੀ ਦਿੱਲੀ-ਗੁਰਦਾਸਪੁਰ ਸੈਕਸ਼ਨ (ਜੋ ਖਨੌਰੀ ਨੇੜਿਓਂ ਸੂਬੇ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਖਨੌਰੀ, ਪਾਤੜਾਂ, ਭਵਾਨੀਗੜ੍ਹ, ਲੁਧਿਆਣਾ, ਨਕੋਦਰ, ਜਲੰਧਰ, ਕਰਤਾਰਪੁਰ, ਕਾਦੀਆਂ ਅਤੇ ਗੁਰਦਾਸਪੁਰ ਵਿੱਚੋਂ ਦੀ ਗੁਜ਼ਰਦਾ ਹੈ) ਨੂੰ ਗਰੀਨਫੀਲਡ ਪ੍ਰਾਜੈਕਟ ਵਜੋਂ ਸੇਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਕਰਤਾਰਪੁਰ (ਪ੍ਰਸਤਾਵਿਤ ਜਲੰਧਰ-ਅੰਮ੍ਰਿਤਸਰ ਮਾਰਗ ਐਨ.ਐਚ.-3 ਦੇ ਜੰਕਸ਼ਨ) ਤੋਂ ਅੰਮ੍ਰਿਤਸਰ ਬਾਈਪਾਸ ਨੂੰ ਛੇ ਮਾਰਗੀ ਵਜੋਂ ਬ੍ਰਾਊਨਫੀਲਡ ਪ੍ਰਾਜੈਕਟ ਦੇ ਤੌਰ ‘ਤੇ ਵਿਕਾਸ ਕੀਤੇ ਜਾਣਾ ਸ਼ਾਮਲ ਹੈ।
ਬੁਲਾਰੇ ਅਨੁਸਾਰ ਨਵੀਂ ਗਰੀਨਫੀਲਡ ਸੇਧ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਗਡਕਰੀ ਵੱਲੋਂ ਸੁਝਾਏ ਅਨੁਸਾਰ ਐਨ.ਐਚ.ਏ.ਆਈ. ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਜਲਦੀ ਮੀਟਿੰਗ ‘ਤੇ ਸਹਿਮਤੀ ਪ੍ਰਗਟਾਈ ਗਈ ਹੈ।
ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਗਰੀਨਫੀਲਡ ਸੇਧ (ਅਲਾਈਨਮੈਂਟ) ਸਦਕਾ ਅੰਮ੍ਰਿਤਸਰ ਐਕਸਪ੍ਰੈਸ ਹਾਈਵੇ ਨਾਲ ਸਿੱਧਾ ਜੁੜੇਗਾ ਜੋ ਜਲੰਧਰ-ਨਕੋਦਰ ਰਾਸ਼ਟਰੀ ਮਾਰਗ ‘ਤੇ ਸਥਿਤ ਪਿੰਡ ਕੰਗ ਸਾਹਬੂ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ,ਤਰਨਤਾਰਨ ਅਤੇ ਅੰਮ੍ਰਿਤਸਰ ਨੂੰ ਜੋੜੇਗਾ ਅਤੇ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਰੋਡ ਨਜ਼ਦੀਕ ਰਾਜਾਸਾਂਸੀ ਏਅਰਪੋਰਟ ਵਿੱਚ ਮਿਲ ਜਾਵੇਗਾ।
ਕਰੀਬ 100 ਕਿਲੋਮੀਟਰ ਨੂੰ ਕਵਰ ਕਰਦੀ ਇਹ ਸੇਧ ਪੰਜ ਸਿੱਖ ਗੁਰ ਸਾਹਿਬਾਨ ਵੱਲੋਂ ਸਥਾਪਤ ਕੀਤੇ ਪੰਜ ਧਾਰਮਿਕ ਕਸਬਿਆਂ ਸੁਲਤਾਨਪੁਰ ਲੋਧੀ (ਸ੍ਰੀ ਗੁਰੂ ਨਾਨਕ ਦੇਵ ਜੀ), ਗੋਇੰਦਵਾਲ ਸਾਹਿਬ (ਸ੍ਰੀ ਗੁਰੂ ਅਮਰਦਾਸ ਜੀ), ਖਡੂਰ ਸਾਹਿਬ (ਸ੍ਰੀ ਗੁਰੂ ਅੰਗਦ ਦੇਵ ਜੀ), ਤਰਨਤਾਰਨ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਅੰਮ੍ਰਿਤਸਰ (ਸ੍ਰੀ ਗੁਰੂ ਰਾਮ ਦਾਸ ਜੀ) ਨੂੰ ਆਪਸ ਵਿੱਚ ਜੋੜੇਗੀ।
ਇਹ ਐਕਸਪ੍ਰੈਸ ਵੇਅ ਪ੍ਰਾਜੈਕਟ ਕੌਮੀ ਮਾਰਗ ਅਥਾਰਟੀ ਵੱਲੋਂ ਫੀਡਬੈਕ ਇਨਫਰਾ ਦੇ ਸਹਿਯੋਗ ਨਾਲ ਨਪਰੇ ਚਾੜ੍ਹਿਆ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀਆਂ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਮੁੱਢਲੀ ਸੇਧ ਅਨੁਕੂਲ ਨਹੀਂ ਸੀ ਕਿਉਂ ਜੋ ਇਸ ਨਾਲ ਰੂਟ ਜ਼ਿਆਦਾ ਲੰਮਾ ਬਣਦਾ ਸੀ ਜੋ ਟੌਲ ਸੜਕ ਦੇ ਨਿਰਮਾਣ ਲਈ ਵਿਹਾਰਿਕ ਨਹੀਂ ਸੀ। ਕੌਮੀ ਮਾਰਗ ਅਥਾਰਟੀ ਦੇ ਪ੍ਰਸਤਾਵ ਅਨੁਸਾਰ ਮੁੜ ਤਿਆਰ ਕੀਤੀ ਸੇਧ ਖਨੌਰੀ-ਮਲੇਰਕੋਟਲਾ-ਲੁਧਿਆਣਾ-ਨੋਕਦਰ-ਕਰਤਾਰਪੁਰ-ਕਾਦੀਆਂ-ਗੁਰਦਾਸਪੁਰ-ਪਠਾਨਕੋਟ ਖੇਤਰਾਂ ਤੱਕ ਫੈਲੀ ਹੈ ਜੋ ਹੁਣ ਬਰੌਨਫੀਲਡ ਤੋਂ ਗਰੀਨਫੀਲ ਵਿੱਚ ਤਬਦੀਲ ਹੋਵੇਗੀ।—————–
