ਮਾਨਸਾ, 31 ਜਨਵਰੀ(ਸਾਰਾ ਯਹਾਂ/ ਗੋਪਾਲ ਅਕਲੀਆ ) -ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਡੀਸੀ ਦਫ਼ਤਰ ਮਾਨਸਾ ਅੱਗੇ ਆਪਣੀਆ ਹੱਕੀ ਮੰਗਾਂ ਨੂੰ ਲੈ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਦਿੱਲੀ ਅੰਦੋਲਨ ਜਿੱਤ ਪ੍ਰਾਪਤ ਸਮੇਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ, ਜੋ ਵੀ ਕਿਸਾਨਾਂ ਦੀਆ ਮੰਗਾਂ ਹਨ, ਉਨ੍ਹਾਂ ਨੂੰ 15 ਜਨਵਰੀ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਦਿੱਤਾ ਜਾਵੇਗਾ, ਪਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਉਨ੍ਹਾਂ ਨੂੰ ਪੂਰਾ ਨਹੀ ਕੀਤਾ ਗਿਆ। ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਫ਼ਸਲ ਦੀ ਐਮ.ਐਸ ਪੀ ਤੇ ਕਮੇਟੀ ਬਣਾ ਕੇ ਗਾਰੰਟੀ ਨਾਲ ਐਮ.ਐਸ.ਪੀ ਨੂੰ ਲਾਗੂ ਕਰਨ ਅਤੇ ਸਾਰੇ ਭਾਰਤ ਦੇ ਕਿਸਾਨਾਂ ਤੇ ਜੋ ਅੰਦੋਲਨ ਦੌਰਾਨ ਪਰਚੇ ਕੀਤੇ ਗਏ ਹਨ, ਉਹ ਰੱਦ ਕੀਤੇ ਜਾਣਗੇ, ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆ ਇੰਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ ਅਤੇ ਲਖੀਮਪੁਰ ਘਟਨਾ ਦੇ ਸੰਬੰਧ ਵਿੱਚ ਅਜੇ ਮਿਸ਼ਰਾ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ, ਸਾਲ 2020 ਦਾ ਬਿਜਲੀ ਐਕਟ ਤੇ ਕਿਸਾਨਾਂ ਦੀ ਪਰਾਲੀ ਨੂੰ ਅੱਗ ਲਾਉਣ ਦਾ ਕਾਨੂੰਨ ਰੱਦ ਕੀਤਾ ਜਾਵੇ।ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਜੇਕਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ, ਤਾ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਬਲਾਕ ਪ੍ਰਾਧਾਨ ਬੂਟਾ ਸਿੰਘ ਅਕਲੀਆ, ਜਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਢੈਪਈ, ਬਿੰਦਰ ਸਿੰਘ ਝੰਡੂਕੇ, ਭੂਰਾ ਸਿੰਘ ਚੋਟੀਆਂ, ਸ਼ਗਨਦੀਪ ਸਿੰਘ ਟਾਂਡੀਆਂ, ਹਰਜਿੰਦਰ ਸਿੰਘ ਝੇਰਿਆਂਵਾਲੀ, ਰਣਜੀਤ ਸਿੰਘ ਬੁਰਜ ਭਲਾਈ, ਬਾਰੂ ਸਿੰਘ ਭਲਾਈ, ਦਰਸ਼ਨ ਸਿੰਘ ਝੰਡਾ ਕਲਾਂ, ਗੁਰਮੇਲ ਸਿੰਘ ਹੀਰਕੇ, ਕਰਨੈਲ ਸਿੰਘ ਚੋਟੀਆਂ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।