*ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਕਰੇਗਾ ਸੀ.ਆਈ.ਐੱਸ.ਐੱਫ ਕਾਂਸਟੇਬਲ ਦਾ ਸਨਮਾਨ*

0
150

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ) 7 ਜੂਨ 

ਔਰਤਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ  ਦਿਸ਼ਾ ਵੂਮੈਨ ਵੈੱਲਫੇਅਰ  ਟਰੱਸਟ  ਨੇ ਅਗਲੇ ਸਾਲ ਮਹਿਲਾ ਦਿਵਸ ਮੌਕੇ ਸੀ.ਆਈ.ਐੱਸ.ਐੱਫ  ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਦਿਸ਼ਾ ਵੂਮੈਨ ਵੈੱਲਫੇਅਰ  ਟਰੱਸਟ  ਦੀ ਕੌਮੀ ਪ੍ਰਧਾਨ ਹਰਦੀਪ ਕੌਰ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਕੁਲਵਿੰਦਰ ਕੌਰ ਸੱਚਮੁੱਚ ਪੰਜਾਬ ਦੇ ਕਿਸਾਨ ਪਰਿਵਾਰ ਦੀ ਧੀ ਹੈ। ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਅਤੇ ਮਾਤਾ ਜੀ ਕਿਸਾਨ ਅੰਦੋਲਨ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਹਨ। ਉਸ ਸਮੇਂ ਫਿਲਮ ਅਦਾਕਾਰਾ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦਾ ਦਰਦ ਕੁਲਵਿੰਦਰ ਕੌਰ ਦੇ ਦਿਲ ‘ਚ ਸੀ। ਜਿਸ ਦਾ ਬਦਲਾ ਉਸ ਨੇ ਲਿਆ ਹੈ। ਹਰਦੀਪ ਕੌਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਵੀ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਵਿੱਚ ਅੱਤਵਾਦ ਬਾਰੇ ਬੋਲ ਕੇ ਸਮੁੱਚੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ।

 ਭਾਜਪਾ ਦੀ ਇਸ ਸੰਸਦ ਮੈਂਬਰ ਨੇ ਇਸ ਵਿਵਾਦ ਨੂੰ ਖਤਮ ਕਰਨ ਦੀ ਬਜਾਏ ਇਸ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਇਹ ਭੁੱਲ ਰਹੀ ਹੈ ਕਿ ਉਸ ਨੂੰ ਹਰ ਵਾਰ ਚੰਡੀਗੜ੍ਹ ਏਅਰਪੋਰਟ ਰਾਹੀਂ ਆਪਣੇ ਸੰਸਦੀ ਹਲਕੇ ਵਿੱਚ ਜਾਣਾ ਪੈਂਦਾ ਹੈ। ਕੁਲਵਿੰਦਰ ਕੌਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਹਰਦੀਪ ਕੌਰ ਨੇ ਕਿਹਾ ਕਿ ਹਰ ਸਾਲ ਮਹਿਲਾ ਦਿਵਸ ਮੌਕੇ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਅਗਲੇ ਸਾਲ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੁਲਵਿੰਦਰ ਕੌਰ ਨੂੰ   ਦਿਸ਼ਾ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਦੀਪ ਕੌਰ ਨੇ ਕਿਹਾ ਕਿ ਉਹ ਕੁਲਵਿੰਦਰ ਕੌਰ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 9 ਜੂਨ ਨੂੰ ਬੁਲਾਈ ਗਈ ਪੰਚਾਇਤ ਦਾ ਵੀ ਸਮਰਥਨ ਕਰਦੀ ਹੈ ਅਤੇ  ਜਿਸ ਵੀ ਸਹਿਯੋਗ ਦੀ ਜਰੂਰਤ ਹੋਵੇਗੀ  ਦਿਸ਼ਾ ਵੂਮੈਨ ਵੈਲਫੇਅਰ ਟਰੱਸਟ  ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਸਾਥ ਦੇਵੇਗਾ।

LEAVE A REPLY

Please enter your comment!
Please enter your name here