*ਦਸੰਬਰ ਮਹੀਨੇ ਦੌਰਾਨ 11113 ਬਿਨੈਕਾਰਾਂ ਨੇ ਪ੍ਰਾਪਤ ਕੀਤੀ*

0
59

ਮਾਨਸਾ, 10 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਮਾਨਸਾ, ਭੀਖੀ, ਜੋਗਾ, ਸਰਦੂਲਗੜ੍ਹ, ਝੁਨੀਰ, ਬੁਢਲਾਡਾ ਅਤੇ ਬਰੇਟਾ ਵਿਖੇ ਖੋਲ੍ਹੇ ਗਏ ਫਰਦ ਕੇਂਦਰਾਂ ਤੋਂ ਦਸੰਬਰ ਮਹੀਨੇ ਦੌਰਾਨ ਜ਼ਿਲ੍ਹੇ ਦੇ 11113 ਬਿਨੈਕਾਰਾਂ ਨੇ ਫਰਦਾਂ ਪ੍ਰਾਪਤ ਕੀਤੀਆਂ। ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੇ ਫਰਦ ਕੇਂਦਰਾਂ ਦਾ ਲੋਕ ਵੱਡੀ ਗਿਣਤੀ ਵਿਚ ਲਾਹਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਦੀ ਜਾਣਕਾਰੀ ਮੌਕੇ ’ਤੇ ਹੀ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 7 ਫ਼ਰਦ ਕੇਂਦਰਾਂ ’ਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
(ਸਾਰਾ ਯਹਾਂ/ ਮੁੱਖ ਸੰਪਾਦਕ ) ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦਾਨ ਕੀਤੀਆਂ ਫਰਦਾਂ ਤਹਿਤ ਫਰਦ ਕੇਂਦਰ ਮਾਨਸਾ ਵਿਖੇ 2817, ਸਰਦੂਲਗੜ੍ਹ ਵਿਖੇ 1896, ਬੁਢਲਾਡਾ ਵਿਖੇ 2466, ਝੁਨੀਰ ਵਿਖੇ 797, ਬਰੇਟਾ ਵਿਖੇ 1089, ਜੋਗਾ ਵਿਖੇ 1049 ਅਤੇ ਫਰਦ ਕੇਂਦਰ ਭੀਖੀ ਵਿਖੇ 999 ਵਿਅਕਤੀਆਂ ਨੇ ਫਰਦਾਂ ਲਈ ਦਰਖ਼ਾਸਤਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਫ਼ਰਦਾਂ ਦੀਆਂ 71303 ਕਾਪੀਆਂ ਮੁਹੱਈਆ ਕਰਵਾਈਆ ਗਈਆਂ ਅਤੇ 1782575/- ਰੁਪਏ ਦੀ ਰਾਸ਼ੀ ਫੀਸ ਵਜੋਂ ਇਕੱਤਰ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੋਕਾਂ ਨੂੰ ਬਿਹਤਰ ਸਹੂਲਤਾ ਪ੍ਰਦਾਨ ਕਰਨ ਲਈ ਸਥਾਪਿਤ ਕੀਤੇ ਗਏ ਫਰਦ ਕੇਂਦਰ ਆਮ ਜਨਤਾ ਲਈ ਕਾਫ਼ੀ ਲਾਭਦਾਇਕ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਰਦ ਕੇਂਦਰਾਂ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਦੇ ਸਮੇਂ ਦੀ ਬਚਤ ਹੋ ਰਹੀ ਹੈ, ਉਥੇ ਫਰਦਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਦੀ ਖੱਜਲ-ਖੁਆਰੀ ਨੂੰ ਠਲ੍ਹ ਪਈ ਹੈ।
ਉਨ੍ਹਾਂ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ www.plrs.org.in ’ਤੇ ਅਪਲੋਡ ਕੀਤੀ ਗਈਆਂ ਹਨ, ਜਿਨ੍ਹਾਂ ਰਾਹੀਂ ਹਰ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਇਸ ਵੈਬਸਾਈਟ ’ਤੇ ਜਾ ਕੇ ਆਪਣੇ ਪਿੰਡ ਦਾ ਨਾਮ ਅਤੇ ਖੇਵਟ ਨੰਬਰ ਭਰ ਕੇ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਜਰੀਏ ਭਾਰਤ ਦੇਸ਼ ਤੋਂ ਬਾਹਰ ਵਸਦੇ ਪ੍ਰਵਾਸੀ ਭਾਰਤੀ ਵੀ ਆਪਣੀ ਜ਼ਮੀਨ ਦੇ ਰਿਕਾਰਡ ’ਤੇ ਦੂਰ ਬੈਠੇ ਹੀ ਨਜ਼ਰ ਰੱਖ ਸਕਦੇ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ।

LEAVE A REPLY

Please enter your comment!
Please enter your name here