ਮਾਨਸਾ 18 ਮਈ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵ ਨੋ ਤੰਬਾਕੂ ਡੇਅ ਸਬੰਧੀ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ, ਜਿਸਦਾ ਮੰਤਵ 16 ਮਈ ਤੋਂ 31 ਮਈ 2022 ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ, ਜੋ ਕੈਂਸਰ ਦਾ ਕਾਰਨ ਬਣਦਾ ਹੈ। ਉਨਾਂ ਕਿਹਾ ਕਿ ਸ਼ੁਰੂ ਵਿੱਚ ਵਿਅਕਤੀ ਇਸ ਨੂੰ ਸ਼ੌਕ ਵਜੋਂ ਪੀਣ ਲੱਗ ਜਾਂਦਾ ਹੈ, ਪਰੰਤੂ ਬਾਅਦ ਵਿਚ ਇਹ ਇੱਕ ਆਦਤ ਬਣ ਜਾਂਦੀ ਹੈ, ਇਸ ਲਈ ਸੈਮੀਨਾਰ ਜਾਂ ਕੈਂਪ ਲਗਾ ਕੇ ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ ਅਤੇ ਪਿੰਡ ਪੱਧਰ ’ਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿਗਰਟ ਅਤੇ ਤੰਬਾਕੂ ਪ੍ਰੋਡਕਟਜ ਐਕਟ 2003 ਨੂੰ ਜ਼ਿਲੇ ਅੰਦਰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮੁਹਿੰਮ ਦੇ ਚਾਰ ਗੇੜ ਬਣਾਏ ਗਏ ਹਨ, ਪਹਿਲੇ ਗੇੜ ਵਿੱਚ ਜ਼ਿਲਾ ਅਤੇ ਬਲਾਕ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਦੂਸਰੇ ਗੇੜ ਵਿੱਚ ਕਲੱਬਾਂ ਅਤੇ ਐੱਨ ਜੀ.ਓਜ਼. ਨਾਲ ਤਾਲਮੇਲ ਕਰਨਾ, ਜਾਗਰੂਕਤਾ ਸਬੰਧੀ ਹੋਟਲ, ਰੈਸਟੋਰੈਂਟ, ਪਬਲਿਕ ਥਾਵਾਂ ’ਤੇ ਬੈਨਰ ਪੋਸਟਰ ਲਗਵਾਉਣੇ, ਤੀਸਰੇ ਗੇੜ ਵਿਚ ਕੋਟਪਾ ਐਕਟ 2003 ਦੇ ਅਧੀਨ ਇਸ ਐਕਟ ਦੀ ਉਲਘੰਣਾ ਕਰਨ ਵਾਲਿਆਂ ਲਈ ਚਲਾਨ ਮੁਹਿੰਮ ਚਲਾਈ ਜਾਵੇਗੀ। ਇਸੇ ਤਰਾਂਚੌਥੇ ਗੇੜ ਵਿੱਚ 28 ਤੋਂ 30 ਮਈ ਤੱਕ ਹਾਈ ਸਕੂਲ, ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜਾਂ ਵਿਖੇ ਨੋ ਤੰਬਾਕੂ ਮੁਹਿੰਮ ਦੇ ਪੇਂਟਿੰਗ, ਲੇਖਣੀ, ਰੇਸਿੰਗ ਮੁਕਾਬਲੇ ਕਰਵਾਏ ਜਾਣਗੇ।
ਜ਼ਿਲਾ ਐਪੀਡੀਮਾਲੋਜਿਸਟ ਡਾ.ਅਰਸ਼ਦੀਪ ਸਿੰਘ ਕਿਹਾ ਕਿ ਸਕੂਲਾਂ ਦੇ ਆਲੇ ਦੁਆਲੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਦੀ ਵਿਕਰੀ ਤੇ ਰੋਕ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸਕੂਲ ਹੈਲਥ ਪ੍ਰੋਗਰਾਮ ਅਫ਼ਸਰ ਅਤੇ ਆਰ ਬੀ ਐੱਸ ਕੇ, ਮਾਸ ਮੀਡੀਆ ਅਤੇ ਵੈਲਨੈਸ ਸੈਂਟਰਾਂ ਦੀਆਂ ਟੀਮਾਂ ਆਪਸ ਵਿੱਚ ਕੋਆਰਡੀਨੇਟ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੀਆਂ।
ਇਸ ਮੌਕੇ ਜਿਲਾ ਐਪੀਡਮੈਲੋਜਿਸਤ ਸੰਤੋਸ਼ ਭਾਰਤੀ, ਵਿਜੇ ਕੁਮਾਰ, ਦਰਸ਼ਨ ਸਿੰਘ, ਕੇਵਲ ਸਿੰਘ, ਗੁਰਜੰਟ ਸਿੰਘ ਅਤੇ ਰਾਮ ਕੁਮਾਰ ਹੈਲਥ ਸੁਪਰਵਾਈਜ਼ਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।