31 ਮਈ ਕੌਮਾਂਤਰੀ ਤੰਬਾਕੂਮੁਕਤ ਦਿਵਸ ‘ਤੇ ਵਿਸ਼ੇਸ਼
ਪੂਰੀ ਦੁਨੀਆਂ ਵਿੱਚ 31 ਮਈ ਨੂੰ ਕੌਮਾਂਤਰੀ ਤੰਬਾਕੂਮੁਕਤ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਦੀ ਘੋਸ਼ਣਾ ਕੀਤੀ ਹੋਈ ਹੈ। ਇਸ ਦਿਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਤੰਬਾਕੂਨੋਸ਼ੀ ਦੇ ਕਾਰਨ ਕਈ ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਲੱਗ ਜਾਂਦੀਆਂ ਹਨ ਜਿਹਨਾਂ ਵਿੱਚ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ ਰੋਗ ਆਦਿ ਅਨੇਕਾਂ ਬੀਮਾਰੀਆਂ ਸ਼ਾਮਲ ਹਨ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ ਵਿਚੋਂ 40 ਲੋਕ ਤੰਬਾਕੂ ਦੀ ਆਦਤ ਕਾਰਨ ਮਰਦੇ ਹਨ। ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ ਵੀ ਮਾਤਰਾ ਵਿਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ। ਤੰਬਾਕੂ ਦਾ ਸੇਵਨ ਹਮੇਸ਼ਾ ਨੁਕਸਾਨ ਪਹੁੰਚਾਉਂਦਾ ਹੈ। ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰਟ ਤੋਂ ਆਉਣ ਵਾਲੇ ਧੂੰਏਂ ਨੂੰ ਸਹਿਣ ਕਰਨਾ ਸੈਕਿੰਡਰੀ ਸਮੋਕਿੰਗ ਕਹਾਉਂਦਾ ਹੈ। ਸੈਕਿੰਡਰੀ ਸਮੋਕਿੰਗ ਸਿਗਰਟ, ਬੀੜੀ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਦੀ ਸਿਹਤ ਨੂੰ ਸਿਗਰਟ ਪੀਣ ਵਾਲੇ ਵਿਅਕਤੀਆਂ ਦੀ ਤਰ੍ਹਾਂ ਹੀ ਨੁਕਸਾਨ ਪਹੁੰਚਾਉਂਦਾ ਹੈ। ਤੰਬਾਕੂ ਸੇਵਨ ਨਾਲ ਕੈਂਸਰ ਤੋਂ ਇਲਾਵਾ ਹੋਰ ਕਈ ਖਤਰਨਾਕ ਬੀਮਾਰੀਆਂ ਜਿਵੇਂ-ਲਕਵਾ, ਦਮਾ, ਨਿਮੋਨੀਆ, ਦਿਲ ਦਾ ਦੌਰਾ, ਬੱਚਾ ਨਾ ਹੋਣਾ, ਵਾਰ-ਵਾਰ ਗਰਭਪਾਤ, ਮਰੇ ਬੱਚੇ ਦਾ ਜਨਮ ਆਦਿ ਹੋ ਸਕਦੀਆਂ ਹਨ। ਤੰਬਾਕੂਨੋਸ਼ੀ ਨੂੰ ਪੱਕਾ ਨਿਸ਼ਚਾ ਕਰਕੇ ਹੀ ਛੱਡਿਆ ਜਾ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਕਿ ਇਸ ਮਾਰੂ ਬਿਮਾਰੀ ਤੋਂ ਬਚਿਆ ਜਾ ਸਕੇ। ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ। ਇਸ ਐਕਟ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਜਨਤਕ ਥਾਵਾਂ ਤੇ ਬੀੜੀ ਤੇ ਸਿਗਰਟ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਤੰਬਾਕੂ ਵਾਲੀ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਸਕੂਲਾਂ-ਕਾਲਜਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਕਾਨੂੰਨਨ ਜੁਰਮ ਹੈ।
ਤੰਬਾਕੂ ਦਾ ਸੇਵਨ, ਮੌਤ ਨੂੰ ਸੱਦਾ ਦੇਣਾ ਹੈ, ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਝਿਜਕਦੇ ਨਹੀਂ। ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਜੇਕਰ ਕੋਈ ਵੀ ਵਿਅਕਤੀ ਤੰਬਾਕੂ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਹੋਲੀ-ਹੋਲੀ ਛੱਡ ਦੇਵੇ, ਕਿਉਂਕਿ ਇਸਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ। ਤੰਬਾਕੂ ਇਕ ਮਿੱਠਾ ਜ਼ਹਿਰ ਹੈ, ਇਸਦੀ ਲਪੇਟ ਵਿਚ ਮਰਦ-ਔਰਤਾਂ ਤੇ ਬੱਚੇ ਵੱਡੀ ਗਿਣਤੀ ਵਿਚ ਆ ਚੁੱਕੇ ਹਨ। ਜੇਕਰ 10 ਮਰੀਜ਼ ਮੂੰਹ, ਗਲੇ ਅਤੇ ਫੇਫੜੇ ਦੇ ਕੈਂਸਰ ਤੋਂ ਪੀੜ੍ਹਿਤ ਹੁੰਦੇ ਹਨ ਤਾਂ ਉਹਨਾਂ ਵਿਚੋਂ 9 ਮਰੀਜ਼ਾਂ ਦੇ ਕੈਂਸਰ ਹੋਣ ਦਾ ਕਾਰਨ ਤੰਬਾਕੂ ਸੇਵਨ ਹੁੰਦਾ ਹੈ। ਲਕਵਾ ਕੈਂਸਰ ਤੇ ਹਿਰਦੇ ਰੋਗ ਦਾ ਮੁਖ ਕਾਰਨ ਤੰਬਾਕੂਨੋਸ਼ੀ ਹੈ। ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੂਡ ਪਾਈਪ ਦਾ ਕੈਂਸਰ ਆਦਿ ਹੋਣ ਦਾ ਖ਼ਤਰਾ 4 ਗੁਣਾ ਵੱਧ ਜਾਂਦਾ ਹੈ। ਜੇਕਰ ਤੁਹਾਡੇ ਆਸਪਾਸ ਕੋਈ ਵਿਅਕਤੀ ਬੀੜੀ-ਸਿਗਰਟ ਪੀ ਰਿਹਾ ਹੈ ਤਾਂ ਉਸ ਦੇ ਧੂੰਏ ਨਾਲ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਭੈੜਾ ਅਸਰ ਹੁੰਦਾ ਹੈ। ਜ਼ਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ ਦੀ ਬਿਮਾਰੀ 15 ਤੋਂ 30 ਗੁਣਾ ਵੱਧ ਪਾਈ ਜਾਂਦੀ ਹੈ। ਤੰਬਾਕੂ ਵਿਚ ਪਾਈ ਜਾਣ ਵਾਲੀ ਨਿਕੋਟੀਨ ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦੀ ਹੈ। ਇਸ ਲਈ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਣਾ ਚਾਹੀਦਾ ਹੈ, ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।
ਚਾਨਣ ਦੀਪ ਸਿੰਘ ਔਲਖ