
ਬੁਢਲਾਡਾ 19 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ):ਸਿਹਤ ਵਿਭਾਗ ਮਾਨਸਾ ਵੱਲੋਂ ਡਾ. ਰਣਜੀਤ ਸਿੰਘ ਰਾਏ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ ਹੇਠ ਤੇ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜਰ ਦੀ ਅਗਵਾਈ ਵਿੱਚ ਬੁਢਲਾਡਾ ਅਤੇ ਇਸਦੇ ਨਾਲ ਲਗਦੇ ਏਰੀਏ ਵਿੱਚ ਤੰਬਾਕੂ ਕੰਟਰੋਲ ਐਕਟ-2003 ਅਧੀਨ ਚੈਕਿੰਗ ਕੀਤੀ ਗਈ।
ਇਸ ਦੌਰਾਨ ਇਸ ਐਕਟ ਦੀ ਉਲੰਘਣਾ ਕਰਨ ਵਾਲੇ 12 ਵਿਅਕਤੀਆਂ/ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਅਤੇ ਮੌਕੇ ਤੇ 710 ਰੁਪਏ ਜੁਰਮਾਣਾ ਵੀ ਵਸੂਲ ਕੀਤਾ ਗਿਆ। ਇਸ ਮੌਕੇ ਤੰਬਾਕੂ ਕੰਟਰੋਲ ਐਕਟ ਬਾਰੇ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜਰ ਨੇ ਦੱਸਿਆ ਕਿ ਇਸ ਐਕਟ ਅਨੁਸਾਰ ਜਨਤਕ ਥਾਵਾਂ ਤੇ ਤੰਬਾਕੂਨੌਸ਼ੀ ਕਰਨ, ਵਿੱਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਵਰਤਨ ਤੇ ਪੂਰਨ ਪਾਬੰਦੀ, ਖੁੱਲੀ ਸਿਗਰੇਟ ਵੇਚਣ ਤੇ ਪੂਰਨ ਪਾਬੰਦੀ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਕਰਨ ਤੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਪਦਾਰਥ ਵੇਚਣ ਅਤੇ ਵਰਤਣ ਤੇ ਪੂਰਨ ਪਾਬੰਦੀ ਆਦਿ ਸਾਮਲ ਹਨ। ਉਨ੍ਹਾਂ ਤੰਬਾਕੂ ਪਦਾਰਥ ਵੇਚਨ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਕਾਨੂੰਨ ਦੀ ਪਾਲਨਾ ਕਰਦੇ ਹੋਏ ਆਪਣਾ ਕਾਰੋਬਾਰ ਕਰਨ। ਇਸ ਮੌਕੇ ਸੁਖਦੇਵ ਸਿੰਘ ਸਿਹਤ ਸੁਪਰਵਾਈਜ਼ਰ, ਗੁਰਵਿੰਦਰ ਸਿੰਘ, ਮੰਗਲ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸਿਹਤ ਕਰਮਚਾਰੀਆਂ ਨੇ ਵਿਸ਼ੇਸ ਯੋਗਦਾਨ ਦਿੱਤਾ। ਟੀਮ ਵੱਲੋਂ ਹੈਜ਼ਾ ਨੋਟੀਫਿਕੇਸ਼ਨ ਅਧੀਨ ਫਲਾਂ, ਸਬਜੀਆਂ ਅਤੇ ਜੂਸ ਵਾਲੀਆਂ ਰੇਹੜੀਆਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਾਂ ਨੂੰ ਆਪਣੀਆਂ ਚੀਜਾਂ ਜਾਲੀ ਵਾਲੀ ਕੱਪੜੇ ਨਾਲ ਢੱਕ ਕੇ ਰੱਖਣ ਅਤੇ ਵੱਧ ਪੱਕੇ/ ਗੱਲੇ ਸੜੇ ਫੱਲ ਨਾ ਵੇਚਨ ਸਬੰਧੀ ਵਿਸ਼ੇਸ਼ ਹਦਾਇਤ ਕੀਤੀ।
