ਮਾਨਸਾ 29ਅਗਸਤ ( (ਸਾਰਾ ਯਹਾ, ਬੀਰਬਲ ਧਾਲੀਵਾਲ )ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਦੇ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਲੋਕਾ ਨੂੰ ਧਰਤੀ ਹੇਠਲਾ ਜ਼ਹਿਰੀਲਾ ਅਤੇ ਦੁੂਸਿਤ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਬਚਾਓ ਮੰਚ ਤਲਵੰਡੀ ਅਕਲੀਆ ਦੇ ਅਹੁਦੇਦਾਰ ਗੁਰਵਿੰਦਰ ਸਿੰਘ ,ਭੁਪਿੰਦਰ ਬਿਟੂ,ਕੁਲਦੀਪ ਸਰਾ,ਜਗਮਨ, ਤਰਸੇਮ ਤੇ ਗੁਲਾਬ ਸਿੰਘ ਤੇ ਸਿੰਕਦਰ ਸਰਾਂ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ’ ਮੁਹਿੰਮ ਚਲਾ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਅਨੇਕਾਂ ਦਾਅਵੇ ਸਮੇਂ-ਸਮੇਂ ’ਤੇ ਕੀਤੇ ਜਾਂਦੇ ਨੇ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਪਿੰਡ ਅਕਲੀਆ ਤਲਵੰਡੀ ਦੇ ਵਾਟਰ ਵਰਕਸ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਖੋਲ੍ਹ ਰਹੀਆਂ ਹਨ। ਵੇਰਵਿਆਂ ਮੁਤਾਬਿਕ ਪਿੰਡ ਦੇ ਵਾਟਰ ਵਰਕਸ ਨੂੰ ਨੇੜਿਓਂ ਲੰਘਦੇ ਸੂਏ ’ਚੋਂ ਪਾਣੀ ਸਪਲਾਈ ਲਈ ਕਰੀਬ ਅੱਧਾ ਕਿਲੋਮੀਟਰ ਤੱਕ ਪਾਈਆਂ ਹੋਈਆਂ ਜ਼ਮੀਨਦੋਜ਼ ਪਾਈਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਲਕੁਲ ਬੰਦ ਪਈਆਂ ਹਨ। ਇਹ ਪਾਈਪਾਂ ਬੰਦ ਹੋਣ ਦਾ ਪਤਾ ਤਾਂ ਵਾਟਰ ਵਰਕਸ ਵਿਭਾਗ ਨੂੰ ਵੀ ਹੈ ਪਰ ‘ਕੌਣ ਸਾਹਿਬ ਨੂੰ ਆਖੇ..’ ਦੀ ਤਰਜ਼ ’ਤੇ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਤੇ ਇਸਦਾ ਕੋਈ ਹੱਲ ਨਹੀਂ ਕੀਤਾ। ਪਾਈਪਾਂ ਬੰਦ ਹੋਣ ਕਾਰਨ ਜਦੋਂ ਵਾਟਰ ਵਰਕਸ ਦੇ ਮੇਨ ਡੱਗਾਂ ਤੱਕ ਨਹਿਰੀ ਪਾਣੀ ਹੀ ਨਹੀਂ ਆ ਰਿਹਾ ਤਾਂ ਲੋਕਾਂ ਨੂੰ ਹੁਣ ਧਰਤੀ ਹੇਠਲਾ ਪਾਣੀ ਟੂਟੀਆਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਵੱਖ-ਵੱਖ ਸਿਹਤ ਸੱਮਸਿਅਾਵਾਂ ਨੇ ਘੇਰ ਰੱਖਿਅਾ ੲੇ ਤੇ ਹੁਣ ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਮਿਲ ਰਿਹਾ। ਪਿੰਡ ਵਾਸੀਆਂ ਨੇ ਵਾਟਰ ਵਰਕਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਾਈਪਾਂ ਨੂੰ ਠੀਕ ਕਰਕੇ ਨਹਿਰੀ ਪਾਣੀ ਦੀ ਸਪਲਾਈ ਵਾਟਰ ਵਰਕਸ ਤੱਕ ਪੁੱਜਦੀ ਕਰਕੇ ਉਸ ਤੋਂ ਬਾਅਦ ਘਰਾਂ ਨੂੰ ਪਾਣੀ ਸਪਲਾਈ ਕੀਤਾ ਜਾਵੇ । ਅੱਕੇ ਹੋਏ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਛੇਤੀ ਨਾ ਕੀਤਾ ਤਾਂ ਉਨ੍ਹਾਂ ਮਜ਼ਬੂਰੀ ਵੱਸ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ ਜਿਸਦੀ ਜਿੰਮੇਵਾਰੀ ਸਬੰਧਿਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਪਿੰਡ ਵਾਸੀਆਂ ਨੇ ਕਿਹਾ ਕਿ ਜੇ ਇਸ ਮਸਲੇ ਦਾ ਫੌਰੀ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ