
ਅੰਮ੍ਰਿਤਸਰ,12 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਮਾਨਸੂਨ ਦੀ ਇਹ ਬਾਰਸ਼ ਬੇਸ਼ੱਕ ਬਹੁਤਿਆਂ ਲੋਕਾਂ ਲਈ ਰਾਹਤ ਭਰੀ ਹੈ ਪਰ ਕਈਆਂ ਲਈ ਇਹ ਆਫ਼ਤਾਂ ਦਾ ਸਬੱਬ ਬਣ ਰਿਹਾ ਹੈ। ਅੰਮ੍ਰਿਤਸਰ ‘ਚ ਬੀਤੀ ਰਾਤ ਤੇਜ਼ ਹਨ੍ਹੇਰੀ ਤੇ ਮੀਂਹ ਇੱਕ ਜੋੜੇ ਲਈ ਮੌਤ ਬਣ ਕੇ ਆਈ।
ਇੱਕ ਘਰ ਦੀ ਛੱਤ ਡਿੱਗਣ ਨਾਲ ਹੇਠਾਂ ਸੌਂ ਰਹੇ ਦੋ ਲੋਕਾਂ ਦੀ ਮੌਤ ਹੋ ਗਈ। ਦੋਹਾਂ ਪਤੀ-ਪਤਨੀ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਹਨ੍ਹੇਰੀ ਤੇ ਮੀਂਹ ਨਾਲ ਕੰਧ ਉਨ੍ਹਾਂ ਦੀ ਛੱਤ ‘ਤੇ ਡਿੱਗ ਗਈ, ਜਿਸ ਨਾਲ ਛੱਤ ਵੀ ਡਿੱਗ ਗਈ ਤੇ ਹੇਠਾਂ ਸੌਂ ਰਹੇ ਰਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਦੀ ਦੱਬਣ ਨਾਲ ਮੌਤ ਹੋ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਇਸ ‘ਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
