
ਬਰੇਟਾ,20 ਅਗਸਤ (ਸਾਰਾ ਯਹਾਂ/ਰੀਤਵਾਲ) ਬਰੇਟਾ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ । ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਬੀਤੇ ਦਿਨ ਵੀਰਵਾਰ ਦੀ ਸ਼ਾਮ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਨ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰੇਟਾ ਦੇ ਥਾਣਾ ਮੁੱਖੀ ਜਸਕਰਨ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਰੇਲਵੇ ਫਾਟਕ ਤੋਂ ਜਾਖਲ ਰੋਡ ਨੂੰ ਜਾਣ ਵਾਲੇ (ਬਾਈਪਾਸ) ਰਸਤੇ ਤੇ ਸ਼ੁਭਮ ਉਰਫ ਬਨਟੀ (21) ਵਾਸੀ ਪਟਿਆਲਾ ਤੇ ਪੁਰਾਣੀ ਰੰਜਸ਼ ਦੇ ਕਾਰਨ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਪਟ ਤੇ ਵਾਰ ਕਰ ਦਿੱਤਾ ਤੇ ਸ਼ੁਭਮ ਜਖਮੀ ਹੋ ਗਿਆ । ਜਿਸਨੂੰ ਇਲਾਜ ਦੇ ਲਈ ਇੱਕ ਵਿਅਕਤੀ ਵੱਲੋਂ ਬਰੇਟਾ ਦੇ ਸਿਵਲ ਹਸਪਤਾਲ ਤੋਂ ਬਾਅਦ ਪਟਿਆਲਾ ਵਿਖੇ ਲਿਜਾਇਆ ਗਿਆ ਪਰ ਸੁਭਮ ਦੀ ਪਾਤੜਾ ਸ਼ਹਿਰ ਨਜ਼ਦੀਕ ਰਸਤੇ ‘ਚ ਹੀ ਮੌਤ ਹੋ ਗਈ । ਥਾਣਾ ਮੁੱਖੀ ਨੇ ਕਿਹਾ ਕਿ ਬਰੇਟਾ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਸ਼ਿਵਮ ਦੇ ਬਿਆਨਾਂ ਦੇ ਅਧਾਰ ਤੇ ਦੋ ਵਿਅਕਤੀਆਂ ਖਿਲਾਫ ਮਕੁੱਦਮਾ ਨੰਬਰ 117 ਅਧੀਨ ਧਾਰਾ 302 ਤਹਿਤ ਕਾਰਵਾਈ ਕਰਦੇ ਹੋਏ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਆਰੋਪੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ । ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ।
ਕੈਪਸ਼ਨ : ਮ੍ਰਿਤਕ ਦੀ ਤਸਵੀਰ
