ਮਾਨਸਾ/11 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ) :ਕੇਂਦਰ ਸਰਕਾਰ ਵੱਲੋਂ ਸੈੱਲਰਾਂ ਰਾਹੀਂ ਲਏ ਜਾਂਦੇ ਝੋਨੇ ਵਿੱਚ ਪੋਸ਼ਟਿਕ ਚਾਵਲ ਦੀ ਮਿਕਸ ਦੀ ਗੁਣਵਤਾ ਨੂੰ ਲੈ ਕੇ ਸੈੱਲਰ ਮਾਲਕਾਂ ਨੂੰ ਜਿੰਮੇਵਾਰ ਠਹਿਰਾਉਣ ਵਜੋਂ ਸ਼ੁਰੂ ਕੀਤੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਤੀਜੇ ਦਿਨ ਵੀ ਕੇਂਦਰ ਅਤੇ ਸੂਬਾ ਸਰਕਾਰ ਟੱਸ ਤੋਂ ਮੱਸ ਨਹੀਂ ਹੋਈਆਂ ਅਤੇ ਉਨ੍ਹਾਂ ਨੇ ਸੈੱਲਰ ਮਾਲਕਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਇਸ ਨੂੰ ਲੈ ਕੇ ਸੈੱਲਰ ਮਾਲਕਾਂ ਵਿੱਚ ਕੇਂਦਰ ਦੇ ਐੱਫ.ਸੀ.ਆਈ ਵਿਭਾਗ ਅਤੇ ਪੰਜਾਬ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਅਜਿਹੀ ਨਾਦਰਸ਼ਾਹੀ ਫਰਮਾਣ ਸੁਣਾਉਣ ਵਾਲੀ ਸਰਕਾਰ ਨਹੀਂ ਦੇਖੀ। ਕੇਂਦਰ ਅਤੇ ਪੰਜਾਬ ਵਿੱਚ ਵੱਖ-ਵੱਖ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ। ਸੈੱਲਰ ਮਾਲਕਾਂ ਦੀ ਕੋਈ ਵੀ ਮੰਗ ਹੁੰਦੀ ਸੀ ਤਾਂ ਉਸ ਦਾ ਪੰਜਾਬ ਸਰਕਾਰ ਕੇਂਦਰ ਨਾਲ ਤਾਲਮੇਲ ਕਰਕੇ ਕੋਈ ਨਾ ਕੋਈ ਹੱਲ ਕੱਢ ਦਿੰਦੀਆਂ ਸਨ। ਪਰ ਪੰਜਾਬ ਦੀ ਸਰਕਾਰ ਨੇ ਚੁੱਪ ਵੱਟ ਲਈ ਹੈ ਅਤੇ ਸੈੱਲਰਾਂ ਵੱਲ ਕੋਈ ਵੀ ਧਿਆਨ ਨਹੀਂ।
ਤੀਜੇ ਦਿਨ ਵੀ ਸੈੱਲਰ ਪੂਰੀ ਤਰ੍ਹਾਂ ਬੰਦ ਰਹੇ। ਪ੍ਰੈੱਸ ਨੋਟ ਜਾਰੀ ਪੰਜਾਬ ਰਾਈਸ ਮਿੱਲਰਜ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਸੈੱਲਰ ਹੜਤਾਲ ਕਾਰਨ ਨਾ ਸਿਰਫ ਸੈੱਲਰ ਮਾਲਕ, ਆੜ੍ਹਤੀਏ ਬਲਕਿ ਮਜਦੂਰ, ਛੋਟਾ ਵਪਾਰੀ, ਛੋਟਾ ਕਾਰੋਬਾਰੀ ਵੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ 6 ਹਜਾਰ ਸੈੱਲਰਾਂ ਵਿੱਚ ਲਗਭਗ 3 ਲੱਖ ਪਰਿਵਾਰ ਰੁਜਗਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਲੱਖਾਂ ਪਰਿਵਾਰ ਵਿਹਲੇ ਹੋ ਗਏ ਹਨ। ਜਿਸ ਕਾਰਨ ਉਨ੍ਹਾਂ ਤੇ ਆਰਥਿਕ ਸੰਕਟ ਵੀ ਬਣਨ ਦੇ ਨਾਲ ਗੁਜਾਰਾ ਕਰਨਾ ਔਖਾ ਹੋ ਜਾਵੇਗਾ। ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਪੰਜਾਬ ਅੰਦਰ ਅਣਜਾਣ ਪਾਰਟੀ ਦੀ ਸਰਕਾਰ ਅਤੇ ਅਫਸਰਸ਼ਾਹੀ ਲੋਬੀ ਨੇ ਇੱਕਠੇ ਹੋ ਕੇ ਪੰਜਾਬ ਦੇ ਸੈੱਲਰਾਂ ਦਾ ਭੱਠਾ ਬਿਠਾ ਦਿੱਤਾ ਹੈ। ਜਿਸ ਕਾਰਨ ਸੈੱਲਰ ਉਦਯੋਗ ਠੱਪ ਹੋਣ ਦੇ ਕਿਨਾਰੇ ਹੈ। ਜੇਕਰ ਸਰਕਾਰਾਂ ਅਜਿਹੇ ਫੈਸਲੇ ਲੈਂਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੈੱਲਰ ਉਦਯੋਗਪਤੀ ਇਸ ਪਾਸੇ ਮੂੰਹ ਨਹੀਂ ਕਰਨਗੇ। ਜਿਸ ਨਾਲ ਪੰਜਾਬ ਦਾ ਆਰਥਿਕ ਧੁਰਾ ਵੀ ਟੁੱਟ ਜਾਵੇਗਾ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਤੇ ਚੱਲਦੇ ਉਦਯੋਗਾਂ ਤੇ ਸਰਕਾਰਾਂ ਆਪਣੇ ਬੇਨਿਯਮੇ ਫੈਸਲੇ ਲਾਗੂ ਕਰਕੇ ਉਨ੍ਹਾਂ ਦਾ ਗਲਾ ਘੋਟ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ 13 ਅਕਤੂਬਰ ਨੂੰ ਕਿੰਗਜ ਵਿਲਾ, ਫਿਰੋਜਪੁਰ ਰੋਡ ਲੁਧਿਆਣਾ ਵਿਖੇ ਸੂਬੇ ਭਰ ਦੇ 6 ਹਜਾਰ ਮਿੱਲਰਾਂ ਦੀ ਵਿਸ਼ਾਲ ਮੀਟਿੰਗ ਕਰਨਗੇ, ਜਿਸ ਵਿੱਚ ਪੰਜਾਬ ਸਰਕਾਰ ਨੂੰ ਵੰਗਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਇਹ ਫੈਸਲਾ ਜਾਂ ਸ਼ਰਤਾਂ ਵਾਪਸ ਨਹੀਂ ਲਈਆਂ ਤਾਂ ਇਹ ਅੰਦੋਲਨ ਪੂਰੇ ਦੇਸ਼ ਵੱਲ ਵੀ ਵਧ ਸਕਦਾ ਹੈ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮਿੱਲਰਾਂ ਨਾਲ ਇੱਕ ਮੀਟਿੰਗ ਖੁਦ ਕਰਨ ਅਤੇ ਪੰਜਾਬ ਸਰਕਾਰ ਨੂੰ ਗੁੰਮਰਾਹ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤਾਂ ਜੋ ਅੱਗੇ ਤੋਂ ਅਧਿਕਾਰੀ ਮਨਮਾਨੀਆਂ ਨਾ ਕਰਕੇ ਲੁੱਟ ਨਾ ਸਕਣ। ਇਸ ਮੌਕੇ ਸਿਸਨਪਾਲ ਕਾਲਾ, ਰਿੰਪੀ ਸੇਠ, ਨੀਟੂ ਬੀਰੋਕੇ, ਨਰੇਸ਼ ਕੁਮਾਰ ਮੱਪਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਫੋਟੋ : ਗੱਲਬਾਤ ਕਰਨ ਦੌਰਾਨ ਪ੍ਰਧਾਨ ਸ਼ਾਮ ਲਾਲ ਧਲੇਵਾਂ ਅਤੇ ਹੋਰ।