ਮਾਨਸਾ, 22 ਅਕਤੂਬਰ :(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਪਰਮਵੀਰ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਆਉਣ ਵਾਲੇ ਵੱਖ ਵੱਖ ਤਿਉਹਾਰਾਂ ਮੌਕੇ ਪਟਾਖ਼ੇ ਚਲਾਉਣ ਦਾ ਸਮਾਂ ਨਿਰਧਾਰਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ 24 ਅਕਤੂਬਰ ਦੁਸ਼ਹਿਰੇ ਦੇ ਤਿਓਹਾਰ ਮੌਕੇ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ, 12 ਨਵੰਬਰ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, 27 ਨਵੰਬਰ ਨੂੰ ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ (ਇਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ) ਅਤੇ ਕ੍ਰਿਸਮਿਸ/ਨਵਾਂ ਸਾਲ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਦਾ ਸਮਾਂ ਪਟਾਖ਼ੇ ਚਲਾਉਣ ਲਈ ਨਿਰਧਾਰਤ ਕੀਤਾ ਗਿਆ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਪਟਾਖੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਖੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਉਣ ਲਈ ਆਮ ਤੌਰ ਤੇ ਲੋਕਾਂ ਵੱਲੋਂ ਪਟਾਖ਼ੇ, ਆਤਿਸ਼ਬਾਜ਼ੀ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਪਟਾਖ਼ਿਆਂ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ।