ਬੁਢਲਾਡਾ22 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰ ਵਿੱਚ ਮਹਿੰਗਾਈ ਨੇ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸਬਜ਼ੀਆਂ ਨੇ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧ ਗਈਆਂ ਹਨ। ਬਾਜ਼ਾਰਾਂ ਵਿਚ ਟਮਾਟਰ ਪੰਜਾਹ ਤੋਂ ਸੱਠ ਰੁਪਏ ਪ੍ਰਤੀ ਕਿਲੋ, ਆਲੂ ਪਨਤਾਲੀ ਤੋਂ ਪਚਵੰਜਾ ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਸੱਠ ਤੋਂ ਸੱਤਰ ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼ ਪਿਛਲੇ ਸਾਲ ਦੀ ਤਰ੍ਹਾਂ ਲੋਕਾਂ ਨੇ ਅੱਖਾਂ ਚੋਂ ਹੰਝੂ ਕੱਢ ਰਿਹਾ ਹੈ। ਬਰਸਾਤ ਦੇ ਮੌਸਮ ਵਿੱਚ ਫ਼ਸਲਾਂ ਦੇ ਖਰਾਬ ਹੋਣ ਕਾਰਨ ਪਿਆਜ਼ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਗਈਆਂ ਹਨ ਜੋ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਦੱਸ ਦਈਏ ਕਿ ਉੱਤਰ ਭਾਰਤ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਨਵਰਾਤਰੀ ਵਿਚ ਲੋਕ ਲਸਣ ਤੇ ਪਿਆਜ਼ ਨਹੀਂ ਖਾਦੇ ਹਨ ਜਿਸ ਕਾਰਨ ਖਪਤਕਾਰ ਘੱਟ ਹਨ ਪਰ ਇਸ ਨਾਲ ਪਿਆਜ ਮਹਿੰਗਾਈ ਤੋਂ ਰਾਹਤ ਨਹੀਂ ਮਿਲੀ। ਤਿਉਹਾਰਾਂ ਦੇ ਮੌਸਮ ਵਿੱਚ ਮਹਿੰਗਾਈ ਕਾਰਨ ਲੋਕਾਂ ਦੇ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੈ ਪਹਿਲਾਂ ਇਹ ਕਰੋਨਾ ਨੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਹੁਣ ਲੋਕ ਸਬਜੀਆ ਦੀਆ ਕੀਮਤਾਂ ਵਿੱਚ ਦੁੱਗਣੇ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀਆਂ ਦੇ ਰੇਟਾਂ ਵਿਚ ਹੋ ਰਹੇ ਵਾਧੇ ਨੇ ਲੋਕਾਂ ਦੀ ਰਸੋਈ ਘਰ ਦਾ ਵੀ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਕੁਝ ਲੋਕਾਂ ਨੇ ਦੱਸਿਆ ਕਿ ਕੁਝ ਸਬਜ਼ੀ ਵਿਕਰੇਤਾ ਅਤੇ ਸਬਜ਼ੀ ਰੇੜ੍ਹੀਆਂ ਵਾਲੇ ਆਪਣੀ ਮਨਮਰਜ਼ੀ ਦਾ ਰੇਟ ਗਾਹਕਾ ਤੋ ਮਨਮਰਜੀ ਨਾਲ ਵਸੂਲਦੇ ਹਨ। ਇਸ ਵਲ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ।