ਤਿਉਹਾਰਾਂ ਦੇ ਜਸ਼ਨ ਮਨਾਉਣ ਸਮੇਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ: ਡਿਪਟੀ ਕਮਿਸ਼ਨਰ ਮਾਨਸਾ

0
70

ਮਾਨਸਾ: 12 ਨਵੰਬਰ(ਸਾਰਾ ਯਹਾ / ਹੀਰਾ ਸਿੰਘ ਮਿੱਤਲ): ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜਿ਼ਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਆਗਾਮੀ ਹੋਰ ਤਿਉਹਾਰਾਂ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਹੈ ਕਿ ਇਨ੍ਹਾਂ ਖੁਸ਼ੀਆਂ ਦੇ ਮੌਕੇ *ਤੇ ਜਸ਼ਨ ਮਨਾਉਣ ਵੇਲੇ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਜਿ਼ਲ੍ਹੇ ਅੰਦਰ ਆਉਣ ਵਾਲੇ ਵੱਖ—ਵੱਖ ਤਿਉਹਾਰਾਂ ਮੌਕੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ ਕਰਨ ਦੇ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ 14 ਨਵੰਬਰ 2020 ਨੂੰ ਦੀਵਾਲੀ ਦੇ ਤਿਉਹਾਰ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, 30 ਨਵੰਬਰ ਨੂੰ ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ (ਇਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ) ਅਤੇ ਕ੍ਰਿਸਮਿਸ/ਨਵੇਂ ਸਾਲ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਦਾ ਸਮਾਂ ਪਟਾਖੇ ਚਲਾਉਣ ਲਈ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਜਸ਼ਨ ਮਨਾਉਣ ਸਮੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ।ਉਨ੍ਹਾਂ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਉਹਾਰਾਂ ਮੌਕੇ ਲੜੀਆਂ ਵਾਲੇ ਪਟਾਖਿ਼ਆਂ ਦੀ ਖ਼ਰੀਦ, ਵੇਚ ਅਤੇ ਸਟੋਰ ਕਰਨ ਤੇ ਪਾਬੰਦੀ ਹੈ, ਸਿਰਫ ਗਰੀਨ ਪਟਾਖਿ਼ਆਂ ਦੀ ਖ਼ਰੀਦ ਅਤੇ ਵਰਤੋਂ ਦੀ ਆਗਿਆ ਦਿੱਤੀ ਗਈ ਹੈ।ਇਹ ਹੁਕਮ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ—ਨਾਲ ਕੋਵਿਡ ਦੀ ਸਮੱਸਿਆ ਪਟਾਖਿ਼ਆਂ ਨਾਲ ਹੋਰ ਗੰਭੀਰ ਹੋ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਵਿਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਟਾਖਿ਼ਆਂ ਦੀ ਖ਼ਰੀਦ ਲਾਇਸੰਸ ਧਾਰਕ ਵਿਕਰੇਤਾ ਤੋਂ ਹੀ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਲਾਇਸੰਸ ਧਾਰਕ ਵਿਕਰੇਤਾ ਕਿਸੇ ਵੀ ਪ੍ਰਕਾਰ ਦੇ ਲੜੀਆਂ ਵਾਲੇ ਜੁਆਇੰਟ ਅਤੇ ਵੱਡੇ ਪਟਾਖ਼ੇ ਨਹੀਂ ਵੇਚਣਗੇ।
ਸਮੂਹਿਕ ਤੌਰ *ਤੇ ਪਟਾਖ਼ੇ ਚਲਾਉਣ ਲਈ ਸਬੰਧਤ ਅਥਾਰਟੀ ਵੱਲੋਂ ਥਾਵਾਂ ਨਿਰਧਾਰਤ ਕੀਤੀਆਂ ਜਾਣ ਅਤੇ ਇਸ ਸਬੰਧੀ ਆਮ ਜਨਤਾ ਨੂੰ ਪਹਿਲਾਂ ਤੋਂ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ 10 ਨਵੰਬਰ ਤੋਂ 30 ਨਵੰਬਰ 2020 ਤੱਕ ਵਾਯੂ ਪ੍ਰਦੂਸ਼ਣ ਸਬੰਧੀ ਮੋਨੀਟਰਿੰਗ ਵੀ ਕੀਤੀ ਜਾਵੇਗੀ।
ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ—19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਖ਼ੇ ਚਲਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੋਵਿਡ—19 ਮਹਾਂਮਾਰੀ ਦੌਰਾਨ ਸੁਰੱਖਿਅਤ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਵੈ ਅਨੁਸ਼ਾਸਨ ਅਤੇ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਗੁਰੇਜ਼ ਕਰਦਿਆਂ ਘਰ ਵਿਚ ਹੀ ਤਿਉਹਾਰ ਮਨਾਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here