
ਅੰਮ੍ਰਿਤਸਰ (ਸਾਰਾ ਯਹਾਂ): ਅਫਗਾਨਿਸਤਾਨ ‘ਚ ਤਾਲਿਬਾਨ ਵੱਲੋਂ ਸੱਤਾ ਹਥਿਆਉਣ ਦੇ ਨਾਲ ਹੀ ਅਫਗਾਨਿਸਤਾਨ ਨਾਲ ਸੜਕੀ ਰਸਤੇ ਵਪਾਰ ਕਰਨ ਵਾਲੇ ਵਪਾਰੀਆਂ ਦੀ ਫਿਕਰਮੰਦੀ ਵੱਧ ਗਈ ਹੈ। ਪਹਿਲਾਂ ਤੋਂ ਮੰਦਹਾਲੀ ਦੇ ਦੌਰ ‘ਚੋਂ ਨਿਕਲ ਰਹੇ ਵਪਾਰੀਆਂ, ਜੋ ਸਿਰਫ ਅਫਗਾਨਿਸਤਾਨ ਨਾਲ ਵਪਾਰ ਉੱਪਰ ਨਿਰਭਰ ਹਨ, ‘ਤੇ ਵਪਾਰ ਬਿਲਕੁੱਲ ਵਪਾਰ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ।
ਭਾਵੇਂ ਕਿ ਸੱਤਾ ਤਬਦੀਲੀ ਨੂੰ ਬਹੁਤਾ ਸਮਾਂ ਨਹੀਂ ਹੋਇਆ ਪਰ ਫਿਰ ਭਾਰਤ ਵੱਲੋਂ ਅਫਗਾਨਿਸਤਾਨ ਦੀ ਨਵੀਂ ਸਰਕਾਰ ਨਾਲ ਵਪਾਰਕ ਰਿਸ਼ਤੇ ਬਹਾਲ ਰੱਖੇ ਜਾਂਦੇ ਹਨ ਜਾਂ ਨਹੀਂ, ਇਸ ‘ਤੇ ਹੀ ਵਪਾਰੀਆਂ ਦਾ ਭਵਿੱਖ ਨਿਰਭਰ ਕਰੇਗਾ। ਇਸ ਦੇ ਨਾਲ ਹੀ ਤਾਲਿਬਾਨੀ ਅਫਗਾਨ ਸਰਕਾਰ ਭਾਰਤ ਨਾਲ ਵਪਾਰਕ ਸਾਂਝ ਬਰਕਰਾਰ ਰੱਖਦੀ ਹੈ ਜਾਂ ਨਹੀਂ, ਇਸ ਨਾਲ ਹੀ ਵਪਾਰ ਦੀ ਰੂਪ ਰੇਖਾ ਤੈਅ ਹੋਵੇਗੀ।
ਫਿਲਹਾਲ ਉਹੀ ਟਰੱਕ ਬੀਤੇ 36 ਘੰਟਿਆਂ ‘ਚ ਅਟਾਰੀ ਪੁੱਜੇ ਹਨ ਜੋ ਪਹਿਲਾਂ ਡਿਸਪੈਚ ਹੋਏ ਸਨ ਜਦਕਿ ਨਵੀਂ ਡਿਸਪੈਚ ਕੋਈ ਨਹੀਂ ਹੋਈ। ਕਸਟਮ ਹਾਊਸ ਏਜੰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਲੀਪ ਸਿੰਘ ਨੇ ਦੱਸਿਆ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ ਤੇ ਦੋਵਾਂ ਦੇਸ਼ਾਂ (ਭਾਰਤ ਤੇ ਅਫਗਾਨ) ਦੀਆਂ ਸਰਕਾਰਾਂ ਕਿਹੋ ਜਿਹੀ ਵਪਾਰਕ ਰਣਨੀਤੀ ਬਣਾਉਣਗੇ, ਉਸ ਨਾਲ ਵਪਾਰ ਦੀ ਰੂਪ ਰੇਖਾ ਤੈਅ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਚੋਂ ਇੱਕ ਵੀ ਦੇਸ਼ ਵਪਾਰਕ ਰਿਸ਼ਤੇ ਖਤਮ ਕਰਦਾ ਹੈ ਤਾਂ ਵਪਾਰ ਬੰਦ ਹੋਣਾ ਲਾਜ਼ਮੀ ਹੈ। ਦਲੀਪ ਸਿੰਘ ਨੇ ਕਿਹਾ ਵਪਾਰੀ ਫਿਕਰਮੰਦ ਜ਼ਰੂਰ ਹਨ, ਕਿਉਂਕਿ ਪਾਕਿਸਤਾਨ ਨਾਲ ਵਪਾਰ ਪੂਰੀ ਤਰ੍ਹਾਂ ਬੰਦ ਹੋਣ ‘ਤੇ ਵਪਾਰੀ ਅਫਗਾਨਿਸਤਾਨ ਨਾਲ ਵਪਾਰ ਤੇ ਨਿਰਭਰ ਸਨ।
ਅਫਗਾਨਿਸਤਾਨ ਨਾਲ ਭਾਰਤ ਹਰ ਸਾਲ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਵਪਾਰ ਕਰਦਾ ਹੈ ਜਿਸ ਤਹਿਤ ਵੱਡੀ ਮਾਤਰਾ ‘ਚ ਡਰਾਈਫਰੂਟ ਤੇ ਜੜੀ ਬੂਟੀਆਂ ਭਾਰਤ ਮੰਗਵਾਈਆਂ ਜਾਂਦੀਆਂ ਹਨ। ਸੜਕੀ ਰਸਤੇ ਵਪਾਰ ਰਾਹੀਂ ਪੰਜਾਬ ਸਮੇਤ ਦੂਜੇ ਕਈ ਸੂਬਿਆਂ ਦੇ ਵਪਾਰੀ ਜੁੜੇ ਹੋਏ ਹਨ।Tags:
