*ਤਹਿਸੀਲ ਵਿੱਚ ਤਹਿਸੀਲਦਾਰ ਲਗਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫਦ ਐਸ.ਡੀ.ਐਮ. ਮਾਨਸਾ ਨੂੰ ਮਿਲਿਆ*

0
98

ਮਾਨਸਾ 23 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਮਾਨਸਾ ਤਹਿਸੀਲ ਵਿੱਚ ਤਹਿਸੀਲਦਾਰ ਲਗਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫਦ ਐਸ.ਡੀ.ਐਮ. ਮਾਨਸਾ ਨੂੰ ਮਿਲਿਆ । ਪਰ ਐਸ.ਡੀ.ਐਮ. ਵੱਲੋਂ ਮਸਲੇ ਦਾ ਹੱਲ ਤਾਂ ਕੀ ਕਰਨਾ ਸੀ ਸਗੋਂ ਕਿਸਾਨ ਆਗੂਆਂ ਦੀ ਗੱਲ਼ ਅਣਸੁਣੀ ਕਰਕੇ ਕਹਿ ਦਿੱਤਾ ਕਿ ਮੈਂ ਕੁੱਝ ਨਹੀਂ ਕਰ ਸਕਦਾ ਚਾਹੇ ਤੁਸੀਂ ਦਰੀਆਂ ਵਿਛਾਓ, ਧਰਨੇ ਲਗਾਓ । ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਐਸ.ਡੀ.ਐਮ. ਦਫਤਰ ਦੇ ਦੋਵੇਂ ਗੇਟ ਘੇਰ ਕੇ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਤਹਿਸੀਲ ਵਿੱਚ ਤਹਿਸੀਲਦਾਰ ਦੀ ਪੋਸਟ ਖਾਲੀ ਪਈ ਹੈ ਅਤੇ ਨਾਇਬ ਤਹਿਸੀਲਦਾਰ ਪਿਛਲੇ ਹਫਤੇ ਤੋਂ ਛੁੱਟੀ ਤੇ ਚੱਲ ਰਹੇ ਹਨ । ਜਿਸ ਕਾਰਨ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਸਾਹਿਬ ਵੱਲੋਂ ਕਿਸਾਨ ਆਗੂਆਂ ਨਾਲ ਮਿਸਬਿਹੇਵ ਕੀਤਾ ਗਿਆ ਜੋ ਅੱਜ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕਦੇ ਅਤੇ ਕਿਤੇ ਵੀ ਨਹੀਂ ਕੀਤਾ । ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਐਸ.ਡੀ.ਐਮ. ਵੱਲੋਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਸਗੋਂ ਕਿਸਾਨ ਆਗੂਆਂ ਨੂੰ ਧਰਨਾ ਲਗਾਉਣ ਲਈ ਮਜਬੂਰ ਕੀਤਾ ਗਿਆ । ਲੰਬਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਦੇਰ ਸ਼ਾਮ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸ੍ਰੀਮਤੀ ਜਸਵੀਰ ਕੌਰ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਨੂੰ ਤਹਿਸੀਲਦਾਰ ਮਾਨਸਾ ਅਤੇ ਨਾਇਬ ਤਹਿਸੀਲਦਾਰ ਮਾਨਸਾ ਦਾ ਅਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ। ਨਵਨਿਯੁਕਤ ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੱਲ ਨੂੰ ਸਾਰਾ ਦਿਨ ਦਫਤਰ ਵਿੱਚ ਬੈਠ ਕੇ ਸਾਰੀਆਂ ਰਜਿਸਟਰੀਆਂ ਮੁਕੰਮਲ ਕਰ ਦੇਣਗੇ । ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਜੇਤੂ ਅੰਦਾਜ ਵਿੱਚ ਧਰਨਾ ਚੱਕ ਲਿਆ ਗਿਆ । ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here