ਮਾਨਸਾ, 13 ਅਕਤੂਬਰ (ਸਾਰਾ ਯਹਾ/ਬੀਰਬਲ ਧਾਲੀਵਾਲ)ਕੇਂਦਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਖਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ’ਚ ਪਾਸ ਹੋਣ ਵਾਲੇ ਮਤਿਆਂ ਨੇ ਰਫ਼ਤਾਰ ਫੜ ਲਈ ਹੈ। ਦੇਸ਼ ਦੀ ਸਭ ਤੋਂ ਉੱਪਰਲੀ ਸੱਥ ਵੱਲੋਂ ਪਾਸ ਕੀਤੇ ਗਏ ਇਨਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਹੁਣ ਸਭ ਤੋਂ ਹੇਠਲੀ ਸੱਥ ਪੰਚਾਇਤਾਂ ਨੇ ਆਪਣੀ ਤਾਕਤ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਾਕਤ ਦੀ ਵਰਤੋਂ ਕਰਦਿਆਂ ਅੱਜ ਪਿੰਡ ਤਲਵੰਡੀ ਅਕਲੀਆ ਦੀ ਪੰਚਾਇਤ ਨੇ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕੇਂਦਰ ਦੇ ਤਿੰਨੇ ਬਿੱਲਾਂ ਖਿਲਾਫ਼ ਮਤੇ ਪਾਸ ਕੀਤੇ। ਮਤਿਆਂ ਨੂੰ ਸਭਾ ਦੌਰਾਨ ਹਾਜ਼ਰ ਮੈਂਬਰਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਸਭਾ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਅਹੁਦੇਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ ਜੋ ਕੇਂਦਰ ਖਿਲਾਫ਼ ਚੱਲ ਰਹੇ ਮੋਰਚਿਆਂ ’ਚ ਡਟੇ ਹੋਏ ਹਨ। ਵੇਰਵਿਆਂ ਮੁਤਾਬਿਕ ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਤਲਵੰਡੀ ਅਕਲੀਆ ਦੀ ਗ੍ਰਾਮ ਸਭਾ ਨੇ 13 ਅਕਤੂਬਰ 2020 ਨੂੰ ਇਜਲਾਸ ਵਿਚ ਕੇਂਦਰ ਸਰਕਾਰ ਵਲੋਂ ਪਾਸ ਕਰਵਾਏ ਗਏ ‘ਖੇਤੀ ਮੰਡੀ, ਕੰਟਰੈਕਟ ਫਾਰਮਿੰਗ ਅਤੇ ਜਰੂਰੀ ਵਸਤਾਂ ਸੋਧ ਬਿਲ 2020 ਉਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਬਿਜਲੀ ਸੋਧ ਬਿਲ 2020 ਵੀ ਵਿਚਾਰਿਆ ਗਿਆ। ਗ੍ਰਾਮ ਸਭਾ ਦੌਰਾਨ ਬੁਲਾਰਿਆਂ ਤੇ ਮੈਂਬਰਾਂ ਨੇ ਕਿਹਾ ਕਿ ਇਹ ਬਿਲ ਦੇਸ ਦੇ ਫੈਡਰਲ ਢਾਂਚੇ ਨੂੰ ਕਮਜੋਰ ਕਰਨ ਵਾਲੇ, ਫਸਲਾਂ ਦੇ ਸਮਰਥਨ ਮੁੱਲ ਤੋਂ ਹੱਥ ਖਿੱਚਣ ਵਾਲੇ, ਜਖੀਰੇਬਾਜੀ ਦੀ ਖੁੱਲ ਦੇਣ ਵਾਲੇ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਅਤੇ ਕਿਸਾਨ, ਮਜਦੂਰ, ਵਪਾਰੀ ਸਮੇਤ ਸਮੁੱਚੇ ਲੋਕਾਂ ਦੇ ਖਿਲਾਫ ਹਨ। ਸਭਾ ਦੌਰਾਨ ਭੁਪਿੰਦਰ ਸਿੰਘ ਬਿੱਟੂ ਨੇ ਮਤੇ ਪੜਕੇ ਸੁਣਾਏ ਕਿ ਗ੍ਰਾਮ ਸਭਾ ਸਰਬਸੰਮਤੀ ਨਾਲ ਇਨਾਂ ਬਿੱਲਾਂ ਨੂੰ ਰੱਦ ਕਰਦੀ ਹੋਈ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਅਪੀਲ ਕਰਦੀ ਹੈ। ਸਭਾ ਦੇ ਇਸ ਇਜਲਾਸ ਦੌਰਾਨ ਗ੍ਰਾਮ ਸਭਾ ਇਨਾਂ ਬਿੱਲਾਂ ਖਿਲਾਫ ਸੁਰੂ ਹੋਏ ਕਿਸਾਨ ਅਤੇ ਲੋਕ ਸੰਘਰਸ ਦੀ ਹਮਾਇਤ ਕਰਦੀ ਹੈ। ਹਾਜ਼ਰ ਮੈਂਬਰਾਂ ਨੇ ਦੋਵੇਂ ਹੱਥ ਖੜੇ ਕਰਕੇ ਇਨਾਂ ਮਤਿਆਂ ਨੂੰ ਮਨਜ਼ੂਰੀ ਦਿੱਤੀ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਬੁੱਧੀਜੀਵੀ ਕਾਮਰੇਡ ਸੁਖਦਰਸ਼ਨ ਨੱਤ ਅਤੇ ਸ੍ਰੀਮਤੀ ਜਸਵੀਰ ਕੌਰ ਨੇ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਕਿਵੇਂ ਪੱਖ ਪੂਰਿਆ ਜਾ ਰਿਹਾ ਹੈ ਉਸ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਤੇ ਗ੍ਰਾਮ ਸਭਾ ਦੀ ਤਾਕਤ ਤੋਂ ਜਾਣੂੰ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਮੇਲ ਕੌਰ,ਪ੍ਰਤਾਪ ਸਿੰਘ ਮੱਲੂ, ਜਸਵੀਰ ਸਿੰਘ, ਵੀਰਪਾਲ ਕੌਰ ,ਗੁਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਪੰਚ ਆਦਿ ਨੇ ਵੀ ਸੰਬੋਧਨ ਕੀਤਾ। ਸਭਾ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਦੇ ਪ੍ਰਧਾਨ ਦੀਪ ਸਿੰਘ ਕਾਲੀ, ਬਲਾਕ ਅਹੁਦੇਦਾਰ ਪੰਜਾਬ ਸਿੰਘ ਅਤੇ ਹੋਰਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਖਿਲਾਫ਼ ਲਾਏ ਮੋਰਚਿਆਂ ’ਚ ਉਹ ਵਧ ਚੜ ਕੇ ਹਿੱਸਾ ਲੈਣ ਅਤੇ ਕੇਂਦਰ ਸਰਕਾਰ ਦੀ ਔਕਾਤ ਨਹੀਂ ਕਿ ਉਹ ਲੋਕ ਸੰਘਰਸ਼ ਅੱਗੇ ਨਾ ਝੁਕੇ। ਇਸ ਸਭਾ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਭੁਪਿੰਦਰ ਸਿੰਘ ਬਿੱਟੂ ਤੇ ਨਿਸ਼ਾਨ ਸਿੰਘ ਨੇ ਨਿਭਾਈ ਜਦੋਂਕਿ ਪ੍ਰੋ. ਕੁਲਦੀਪ ਸਿੰਘ ਨੇ ਸਭਾ ’ਚ ਪਹੁੰਚੇ ਪਿੰਡ ਵਾਸੀਆਂ (ਗ੍ਰਾਮ ਸਭਾ ਮੈਂਬਰਾਂ) ਦਾ ਧੰਨਵਾਦ ਕੀਤਾ।