
ਚੰਡੀਗੜ, 23 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਲਹਿਰਾਗਾਗਾ ਵਿਖੇ ਸਥਿਤ ਫਾਰਮੇਸੀ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਨਕਲ ਕਰਵਾਉਣ ਦੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਉਣ ਤੋਂ ਬਾਅਦ ਸਮੂਹਿਕ ਨਕਲ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿਚ ਸ਼ਾਮਿਲ ਸੰਸਥਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾਂ ਨੇ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਣ ’ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਪੜਤਾਲ ਰਿਪੋਰਟ ਮੰਗੀ ਗਈ ਸੀ ਅਤੇ ਇਨਾਂ ਕਾਲਜਾਂ ਦੇ ਪੇਪਰ ਚੈਕ ਹੋਣ ਵਾਸਤੇ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ ਵਿਚ ਭੇਜੇ ਗਏ ਸਨ, ਇਸ ਲਈ ਇਸ ਸਬੰਧੀ ਪਿ੍ਰੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲ) ਪਟਿਆਲਾ ਤੋਂ ਵੀ ਰਿਪੋਰਟ ਮੰਗੀ ਗਈ ਸੀ। ਜਿਸ ਵਿਚ ਪਾਇਆ ਗਿਆ ਕਿ ਵਿਦਿਆਰਥੀਆਂ ਵਲੋਂ ਦਿੱਤੀ ਗਈ ਆਫ਼-ਲਾਈਨ ਪ੍ਰੀਖਿਆ ਵਿਚ ਉਨਾਂ ਦੀਆਂ ਉੱਤਰ-ਕਾਪੀਆਂ ਚੈਕ ਕਰਨ ਤੇ ਪਾਇਆ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਉੱਤਰ ਕਾਪੀ ਅੱਖਰ ਨਾਲ ਅੱਖਰ ਆਪਸ ਵਿਚ ਮਿਲਦੀ ਹੈ। ਆਨ ਲਾਈਨ ਹਲ ਕੀਤੇ ਪੇਪਰਾਂ ਵਿਚ ਵੀ ਕਈ ਪੇਪਰ ਲਗਭੱਗ ਮਿਲਦੇ ਹਨ। ਸਾਰੇ ਵਿਆਰਥੀਆਂ ਨੇ ਇਕੋ ਜਿਹੇ ਵਿਚ ਪ੍ਰਸ਼ਨ ਹਲ ਕਰਨ ਲਈ ਚੁਣਾਵ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਇਕੋ ਜਿਹੇ ਉੱਤਰ ਹਲ ਕੀਤੇ ਹਨ।ਸ੍ਰੀ ਅਨੁਰਾਗ ਵਰਮਾਂ ਨੇ ਦੱਸਿਆ ਕਿ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਅਤੇ ਪਿ੍ਰੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ ਵੱਲੋਂ ਪ੍ਰਾਪਤ ਰਿਪੋਰਟਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 7 ਕਾਲਜਾਂ ਵਿਨਾਇਕਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ, ਆਰੀਆ ਭੱਟ ਕਾਲਜ ਆਫ਼ ਫਾਰਮੇਸੀ ਸੰਗਰੂਰ, ਮਾਡਰਨ ਕਾਲਜ ਆਫ਼ ਫਾਰਮੇਸੀ ਸੰਗਰੂਰ, ਵਿਦਿਆ ਸਾਗਰ ਪੈਰਾਮੈਡੀਕਲ ਕਾਲਜ ਲਹਿਰਾਗਾਗਾ, ਮਹਾਰਾਜਾ ਅਗਰਸੈਨ ਇੰਸ: ਆਫ਼ ਫਾਰਮੇਸੀ ਲਹਿਰਾਗਾਗਾ, ਲਾਰਡ ਕਿ੍ਰਸਨਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ ਅਤੇ ਕਿ੍ਰਸਨਾ ਕਾਲਜ ਆਫ਼ ਫਾਰਮੇਸੀ, ਲਹਿਰਾਗਾਗਾ ਵਿੱਚ ਸਤੰਬਰ/ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਦੌਰਾਨ ਸਮੂਹਿਕ ਨਕਲ ਹੋਈ ਹੋਈ ਹੈ।ਇਸ ਮਾਮਲੇ ਵਿਚ ਫਲਾਇੰਗ ਸੁਕੈਡ ਦੇ ਇੰਚਾਰਜਾਂ ਨਵਨੀਤ ਵਾਲੀਆ ਪਿ੍ਰੰਸੀਪਲ ਸਰਕਾਰੀ ਬਹੁ-ਤਕਨੀਕੀ ਕਾਲਜ਼ ਬਰੇਟਾ ਅਤੇ ਅਨਿਲ ਕੁਮਾਰ ਸੈਕਸ਼ਨ ਅਫਸਰ ਨੂੰ ਵੀ ਚਾਰਜਸ਼ੀਟ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।ਉਨਾਂ ਦੱਸਿਆ ਕਿ ਸੰਸਥਾਵਾਂ ਨੇ ਰਾਜ ਵਿੱਚ ਦਿੱਤੀ ਜਾ ਰਹੀ ਤਕਨੀਕੀ ਸਿੱਖਿਆ ਦੇ ਅਕਸ ਨੂੰ ਭਾਰੀ ਢਾਅ ਲਾਈ ਹੈ। ਇਹਨਾਂ ਸੰਸਥਾਵਾਂ ਦੀ ਮਾਨਤਾ ਰੱਦ ਕਰਨ ਵਾਸਤੇ ਇਕ ਹਫਤੇ ਦੇ ਅੰਦਰ-ਅੰਦਰ ਸੋ ਕਾਜ ਨੋਟਿਸ ਜਾਰੀ ਕੀਤੇ ਜਾਣ ਲਈ ਤਕਨੀਕੀ ਸਿੱਖਿਆ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ।ਸ੍ਰੀ ਅਨੁਰਾਗ ਵਰਮਾਂ ਨੇ ਦੱਸਿਆ ਕਿ ਬੋਰਡ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇੰਨਾਂ ਸੰਸਥਾਵਾਂ ਵਿੱਚ ਮਹੀਨਾ ਸਤੰਬਰ ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਨੂੰ ਕੈਂਸਲ ਕਰਦੇ ਹੋਏ ਇਨਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇ। ਹੁਣ ਜੋ ਪ੍ਰੀਖਿਆ ਲਈ ਜਾਵੇਗੀ ਉਸਦੇ ਸੈਂਟਰ ਕੇਵਲ ਸਰਕਾਰੀ ਇੰਜਨੀਅਰਿੰਗ ਕਾਲਜ ਪਾਲੀਟੈਕਨਿਕ ਆਈ.ਟੀ.ਆਈ ਸੰਸਥਾਵਾਂ ਵਿੱਚ ਹੀ ਬਣਾਏ ਜਾਣ ਅਤੇ ਉਥੇ ਇਨਵੀਜੀਲੇਸਨ ਸਟਾਫ ਵੀ ਕੇਵਲ ਸਰਕਾਰੀ ਸੰਸਥਾਵਾਂ ਦਾ ਹੀ ਲਗਾਇਆ ਜਾਵੇ। ਇਹ ਪ੍ਰੀਖਿਆਵਾਂ ਸੀ.ਸੀ.ਟੀ.ਵੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਅਤੇ ਇਸ ਦੀ ਰਿਕਾਰਡਿੰਗ ਤੁਰੰਤ ਪ੍ਰਾਪਤ ਕਰਕੇ ਰਿਕਾਰਡ ਵਿੱਚ ਰੱਖੀ ਜਾਵੇ।
