*ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਉਪਰਾਲੇ*

0
24

ਮਾਨਸਾ, 20 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) :  ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕਰਨ ਵਿੱਚ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸਿਖਲਾਈ ਅਤੇ ਸਬਸਿਡੀ ’ਤੇ ਕਰਜ਼ੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ’ਤੇ ਵੱਧ ਤੋਂ ਵੱਧ 14 ਲੱਖ ਰੁਪਏ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਜਨਰਲ ਕੈਟਾਗਰੀ ਦੇ ਪਸ਼ੂ ਪਾਲਕ ਨੂੰ 25 ਫੀਸਦੀ ਜਾਂ 17500 ਰੁਪਏ ਪ੍ਰਤੀ ਪਸ਼ੂ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰਾਂ ਐੱਸ.ਸੀ. ਅਤੇ ਐੱਸ.ਟੀ. ਕੈਟਾਗਰੀ ਦੇ ਪਸ਼ੂ ਪਾਲਕ ਨੂੰ 33 ਫੀਸਦੀ ਜਾਂ 23100 ਰੁਪਏ ਪ੍ਰਤੀ ਪਸ਼ੂ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੰਗਲ ਰੋਅ ਫੌਡਰ ਹਾਰਵੈਸਟਰ ਦੀ ਖਰੀਦ ’ਤੇ 2.50 ਲੱਖ ਰੁਪਏ ਦੀ ਲਾਗਤ ਆਉਂਦੀ ਹੈ ਅਤੇ ਇਸਦੀ ਖਰੀਦ ’ਤੇ ਸਰਕਾਰ ਵੱਲੋਂ ਜਨਰਲ ਕੈਟਾਗਰੀ ਨੂੰ 50,000 ਰੁਪਏ ਅਤੇ ਐੱਸ.ਸੀ. ਅਤੇ ਐੱਸ.ਟੀ. ਕੈਟਾਗਰੀ ਨੂੰ 63,000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਮਾਨਸਾ ਸ਼੍ਰੀ ਬਿੰਦਰ ਸਿੰਘ ਨੇ ਅੱਗੇ ਦੱਸਿਆ ਸੈਲਫ ਪ੍ਰੋਪੈਲਡ ਫੌਰੇਜ ਕਟਰ ਦੀ ਕੀਮਤ 2.25 ਲੱਖ ਰੁਪਏ ਹੈ ਅਤੇ ਸਰਕਾਰ ਵੱਲੋਂ ਇਸਦੀ ਖਰੀਦ ’ਤੇ ਜਨਰਲ ਕੈਟਾਗਰੀ ਨੂੰ 50,000 ਰੁਪਏ ਅਤੇ ਐੱਸ.ਸੀ. ਜਾਂ ਐੱਸ.ਟੀ. ਕੈਟਾਗਰੀ ਨੂੰ 63,000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਟੋਮੈਟਿਕ ਮਿਲਕ ਡਿਸਪੈਸਿੰਗ ਯੂਨਿਟ ਦੀ ਕੀਮਤ 8 ਲੱਖ ਰੁਪਏ ਹੈ ਅਤੇ ਇਸਦੀ ਖਰੀਦ ’ਤੇ ਜਨਰਲ ਕੈਟਾਗਰੀ ਅਤੇ ਐੱਸ.ਸੀ. ਅਤੇ ਐੱਸ.ਟੀ. ਕੈਟਾਗਰੀ ਨੂੰ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਆਟੋਮੈਟਿਕ ਸਾਇਲੇਜ ਬੇਲਰ-ਕਮ-ਰੈਪਰ ਦੀ ਕੀਮਤ 14 ਲੱਖ ਰੁਪਏ ਹੈ ਅਤੇ ਇਸਦੀ ਖਰੀਦ ’ਤੇ ਸਾਰੇ ਵਰਗਾਂ ਨੂੰ 40 ਫੀਸਦੀ ਜਾਂ 5.60 ਲੱਖ ਰੁਪਏ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ। ਸ਼੍ਰੀ ਬਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮਾਨਸਾ ਕਮਰਾ ਨੰ: 87-88 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਸਹਾਇਕ ਕਿੱਤਾ ਸ਼ੁਰੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ।

LEAVE A REPLY

Please enter your comment!
Please enter your name here