
ਬੁਢਲਾਡਾ 31 ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ ) ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿੰਡ ਬੁਢਲਾਡਾ ਵਿਖੇ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ। ਜੁਲਾਈ ਮਹੀਨਾ ਐਂਟੀ ਡੇਂਗੂ ਮੰਥ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਸਬੰਧ ਵਿੱਚ ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ, ਸਿਹਤ ਕਰਮਚਾਰੀ ਮੰਗਲ ਸਿੰਘ, ਹਰਕੇਸ਼ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼-ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਹ ਮੱਛਰ ਕੇਵਲ ਦਿਨ ਸਮੇਂ ਕੱਟਦਾ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ‘ਤੇ ਅੰਡੇ ਦਿੰਦਾ ਹੈ ਤੇ ਹਫ਼ਤੇ ਤੋਂ ਦਸ ਦਿਨਾਂ ‘ਚ ਇਹ ਅੰਡੇ ਤੋਂ ਪੂਰਾ ਮੱਛਰ ਬਣ ਜਾਂਦਾ ਹੈ। ਇਸ ਲਈ ਮੱਛਰ ਦੇ ਜੀਵਨ ਚੱਕਰ ਨੂੰ ਤੋੜਨ ਲਈ ਹਰ ਹਫ਼ਤੇ ਪਾਣੀ ਵਾਲੇ ਸ੍ਰੋਤਾਂ ਜਿਵੇਂ ਕੂਲਰ, ਪਾਣੀ ਦੇ ਕੰਟੇਨਰ, ਫੱਰਿਜ ਦੀ ਵੇਸਟ-ਟ੍ਰੇਅ ਨੂੰ ਖਾਲੀ ਕਰ ਕੇ ਕੱਪੜਾ ਮਾਰ ਕੇ ਸੁਕਾਉਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਵੱਲੋਂ ਇਸ ਲਈ ਸ਼ੁੱਕਰਵਾਰ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਲੋਕ ਜਾਗਰੂਕ ਨਹੀਂ, ਉਨੀ ਦੇਰ ਵਧੀਆ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਲੋਕਾਂ ਨੂੰ ਇੰਨ੍ਹਾਂ ਬੀਮਾਰੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਏ ਐਨ ਐਮ ਰਵਿੰਦਰ ਕੌਰ, ਆਸ਼ਾ ਫੈਸੀਲੀਟੇਟਰ ਸੁਖਵਿੰਦਰ ਕੌਰ ਸੁੱਖੀ, ਆਸ਼ਾ ਵਰਕਰ ਹਰਸ਼ਰਨ ਕੌਰ, ਕਰਮਜੀਤ ਕੌਰ, ਮਨਜੀਤ ਕੌਰ ਹਾਜਰ ਸਨ।
