*ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਬਾਰੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ*

0
15

ਬੁਢਲਾਡਾ 29 ਅਕਤੂਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਡੇਂਗੂ ਵਿਰੋਧੀ ਵਿਸ਼ੇਸ਼ ਮੁਹਿੰਮ ਤਹਿਤ ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਸਿਟੀ ਪੁਲਿਸ ਸਟੇਸ਼ਨ ਅਤੇ ਸਦਰ ਪੁਲਿਸ ਸਟੇਸ਼ਨ ਵਿਖੇ ਸਿਵਲ ਸਰਜਨ ਡਾ. ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਹਤ ਸੁਪਰਵਾਇਜ਼ਰ ਸੁਖਦੇਵ ਸਿੰਘ ਅਤੇ ਸਿਹਤ ਕਰਮਚਾਰੀ ਹਰਪ੍ਰੀਤ ਸਿੰਘ ਨੇ ਮੌਸਮੀ ਬਿਮਾਰੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ। ਇਸ ਲਈ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਵੇ । ਉਨ੍ਹਾਂ ਕਿਹਾ ਡੇਂਗੂ ਦੀ ਬਿਮਾਰੀ ਸਾਡੇ ਰਹਿਣ-ਸਹਿਣ ਅਤੇ ਆਦਤਾਂ ਦੀ ਬਿਮਾਰੀ ਹੈ। ਜੇ ਅਸੀਂ ਸਾਰੇ ਚੌਕਸ ਰਹੀਏ ਅਤੇ ਜ਼ਰੂਰੀ ਸਾਵਧਾਨੀਆਂ ਵਰਤੀਏ ਤਾਂ ਇਸ ਤੋਂ ਆਰਾਮ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬਿਮਾਰੀ ਤੋਂ ਬਚਣ ਦਾ ਕਾਰਗਰ ਤਰੀਕਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ। ਉਂਜ ਤਾਂ ਡੇਂਗੂ ਬੁਖ਼ਾਰ ਵਾਲਾ ਮੱਛਰ ਕਿਸੇ ਵੀ ਸਮੇਂ ਪੈਦਾ ਹੋ ਸਕਦਾ ਹੈ ਪਰ ਡੇਂਗੂ ਦਾ ਸੀਜ਼ਨ ਆਮ ਤੌਰ ’ਤੇ ਜੁਲਾਈ ਤੋਂ ਨਵੰਬਰ ਤਕ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦਿਨਾਂ ਵਿਚ ਵਧੇਰੇ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ।ਉਨਾਂ ਕਿਹਾ ਕਿ ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਭੁੱਖ ਨਾ ਲਗਣਾ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।ਇਹ ਲਛਣ ਦਿਖਾਈ ਦੇਣ ਤੇ ਸਰਕਾਰੀ ਹਸਪਤਾਲ ਵਿਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨਾਂ ਇਸ ਤੋਂ ਬਚਣ ਬਾਰੇ ਸਾਵਧਾਨੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜਾਲੀ ਵਾਲੀਆਂ ਖਿੜਕੀਆਂ ਅਤੇ ਦਰਵਾਜ਼ੇ ਲਗਵਾਉਣੇ ਚਾਹੀਦੇ ਹਨ। ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ। ਕੂਲਰਾਂ ਦੇ ਪਾਣੀ ਨੂੰ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ ਜਰੂਰ ਬਦਲਣਾ ਚਾਹੀਦਾ ਹੈ। ਕੰਟੇਨਰਾਂ ਵਿਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਤੇ ਘਰ ਉਪਰਲੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਜਿਆਦਾਤਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕਪੜੇ ਪਾਓ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਤੇਜ਼ ਬੁਖ਼ਾਰ ਹੋਣ ਦੀ ਹਾਲਤ ਵਿਚ ਤੁਰਤ ਨੇੜਲੇ ਹਸਪਤਾਲ/ਡਿਸਪੈਂਸਰੀ ਆਦਿ ਵਿਚ ਜਾ ਕੇ ਮੁਆਇਨਾ ਕਰਵਾਉਣਾ ਚਾਹੀਦਾ ਹੈ।ਉਨਾਂ ਸਿਹਤ ਵਿਭਾਗ ਦੀ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਬਾਰੇ ਵੀ ਦਸਿਆ। ਇਸ ਸੈਮੀਨਾਰ ਵਿਚ ਸਿਹਤ ਕਰਮਚਾਰੀ ਇੰਦਰਪ੍ਰੀਤ ਸਿੰਘ, ਜਗਸੀਰ ਸਿੰਘ, ਅਮਨਦੀਪ ਸਿੰਘ, ਕਰੀਸਨ ਕੁਮਾਰ ਅਤੇ ਜੀਵਣ , ਜਗਸੀਰ, ਸਰਬਜੀਤ ਸਿੰਘ ਬ੍ਰੀਡਿੰਗ ਚੈਕਰ ਹਾਜ਼ਿਰ ਸਨ।ਸਿਹਤ ਵਿਭਾਗ ਦੀ ਟੀਮ ਵੱਲੋਂ ਥਾਣੇ ਅਤੇ ਪੁਲਿਸ ਚੌਕੀ ਅੰਦਰ ਜ਼ਬਤ ਕੀਤੇ ਵਹੀਕਲਾਂ, ਟਾਇਰਾਂ ਅਤੇ ਹੋਰ ਸਮਾਨ ਵਿਚ ਮੱਛਰਾਂ ਦੀ ਬਰੀਡਿੰਗ ਦੀ ਚੈਕਿੰਗ ਕੀਤੀ ਗਈ ਅਤੇ ਪੈਰੀਥਰਮ ਸਪਰੇਅ ਦਾ ਛਿੜਕਾਅ ਕੀਤਾ ਗਿਆ। ਇਸ ਮੌਕੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here