ਸਰਦੂਲਗੜ੍ਹ, 16 ਨਵੰਬਰ (ਸਾਰਾ ਯਹਾਂ/ਬਲਜੀਤ ਸਿੰਘ ) ਡੇਂਗੂ ਮੱਛਰ ਦਾ ਡੰਗ ਤੇਜ਼ ਹੋਣ ਨਾਲ ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਲੋਕਾਂ ਦੀ ਤਾਦਾਦ ਲਗਾਤਾਰ ਵਧਦੀ ਜਾ ਰਹੀ ਹੈ। ਪੀੜਤ ਵਿਅਕਤੀ ਸਰਦੂਲਗੜ੍ਹ ਤੋਂ ਇਲਾਵਾ ਨਜ਼ਦੀਕੀ ਸ਼ਹਿਰਾਂ ਦੇ ਵੱਖ-ਵੱਖ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਬੀਤੇ ਦਿਨ ਸ਼ਹਿਰ ਦੇ ਨੌਜਵਾਨ ਮੁਨੀਸ਼ ਕੁਮਾਰ ਉਰਫ ਮਾਂਗੂ ਦੀ ਡੇਂਗੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਉਸ ਨੂੰ ਤਿੰਨ ਦਿਨ ਪਹਿਲਾਂ ਹਲਕਾ ਬੁਖਾਰ ਅਤੇ ਫਿਰ ਤੇਜ਼ੀ ਨਾਲ ਸੈੱਲਾਂ ਦੀ ਘਾਟ ਹੋ ਗਈ। ਜਿਸ ਤੋਂ ਬਾਅਦ ਸਿਰਸਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਨਿਰੰਤਰ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਿਸਾਰ (ਹਰਿਆਣਾ) ਦੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪੁੱਤਰ, ਧੀ ਅਤੇ ਪਤਨੀ ਨੂੰ ਛੱਡ ਗਿਆ। ਇਸ ਤੋਂ ਪਹਿਲਾਂ ਵੀ ਸਥਾਨਕ ਸ਼ਹਿਰ ਵਿਖੇ ਪਿਛਲੇ ਤਿੰਨ ਚਾਰ ਹਫ਼ਤਿਆਂ ‘ਚ ਹੋਈਆਂ ਮੌਤਾਂ ‘ਚੋਂ ਕੁਝ ਦਾ ਕਾਰਨ ਡੇਂਗੂ ਦੱਸਿਆ ਜਾ ਰਿਹਾ ਹੈ! ਇਨ੍ਹਾਂ ਘਟਨਾ ਨਾਲ ਸ਼ਹਿਰ ਵਾਸੀਆਂ ’ਚ ਜਿੱਥੇ ਇਸ ਜਾਨਲੇਵਾ ਬਿਮਾਰੀ ਸੰਬੰਧੀ ਕਾਫ਼ੀ ਡਰ ਪਾਇਆ ਜਾ ਰਿਹਾ ਹੈ, ਉਸ ਦੇ ਨਾਲ ਹੀ ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇ ਪ੍ਰਬੰਧਾਂ ਤੋਂ ਲੋਕੀਂ ਨਾਖੁਸ਼ ਨਜ਼ਰ ਆ ਰਹੇ ਹਨ।