ਡੇਂਗੂ ਚੇਤਨਾ ਰਿਕਸ਼ਾ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0
11

ਮਾਨਸਾ, 23 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ) : ਆਮ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਡੇਂਗੂ ਤੋਂ ਬਚਣ ਲਈ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਵੱਲੋਂ ਡੇਂਗੂ ਚੇਤਨਾ ਰਿਕਸ਼ਾ ਮੁਨਿਆਦੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾਵੇ ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਘਰਾਂ ਦੇ ਅੰਦਰ ਤੇ ਬਾਹਰ ਜਿੱਥੇ ਵੀ ਪਾਣੀ ਖੜ੍ਹਾ ਹੋਵੇ ਉਸਦਾ ਤੁਰੰਤ ਨਿਪਟਾਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਸਾਨੂੰ ਆਪਣੇ ਘਰਾਂ ਦੇ ਅੰਦਰ ਪਏ ਕਬਾੜ, ਟਾਇਰਾਂ, ਗਮਲਿਆਂ, ਫਰਿੱਜਾਂ, ਕੂਲਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਨੇ ਦੱਸਿਆ ਕਿ ਸਾਨੂੰ ਮੱਛਰ ਦੇ ਲੜਨ ਤੋਂ ਬਚਾਅ ਲਈ ਦਿਨ ਵੇਲੇ ਵੀ ਪੂਰੀਆਂ ਬਾਹਾਂ ਦੇ ਕੱਪੜੇ ਪਹਿਣਨੇ ਚਾਹੀਦੇ ਹਨ ਅਤੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸ-ਪੇਸ਼ੀਆਂ ਤੇ ਜ਼ੋੜਾਂ ਦੇ ਦਰਦ, ਮੂੰਹ, ਨੱਕ ਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਇਸ ਬੁਖ਼ਾਰ ਦੀਆਂ ਮੁੱਖ ਨਿਸ਼ਾਨੀਆਂ ਹਨ।ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋਂ ਮੁਫ਼ਤ ਚੈਕਅੱਪ ਅਤੇ ਇਲਾਜ਼ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਸਹਾਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਬੁਖ਼ਾਰ ਤੋਂ ਬਚਾਅ ਲਈ ਘਰ-ਘਰ ਜਾ ਕੇ ਸਰਵੇਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਅੱਜ ਸ਼ਹਿਰ ਦੇ ਵਾਰਡ ਨੰਬਰ 1 ਵਿੱਚ 127 ਘਰਾਂ ਦਾ ਸਰਵੇਖਣ ਕੀਤਾ ਗਿਆ ਅਤੇ 4 ਘਰਾਂ ਵਿੱਚੋਂ ਲਾਰਵਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਘਰ-ਘਰ ਜਾ ਕੇ ਮੱਛਰ ਤੋਂ ਸਾਵਧਾਨ ਰਹਿਣ ਲਈ ਸਟਿੱਕਰ ਲਗਾਏ ਜਾ ਰਹੇ ਹਨ।
ਅੱਜ ਦੀ ਇਸ ਚੇਤਨ ਮੁਹਿੰਮ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ, ਅਸ਼ਵਨੀ ਕੁਮਾਰ, ਰਾਮ ਕੁਮਾਰ, ਕ੍ਰਿਸ਼ਨ ਕੁਮਾਰ, ਭੋਲਾ ਸਿੰਘ, ਹਰਮੇਲ ਸਿੰਘ, ਜੀਤਾ ਸਿੰਘ, ਰਾਜ ਸਿੰਘ ਅਤੇ ਕ੍ਰਿਸ਼ਨ ਸਿੰਘ ਸ਼ਾਮਿਲ ਸਨ।

LEAVE A REPLY

Please enter your comment!
Please enter your name here