
ਮਾਨਸਾ 18 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)5 ਤੋਂ 10 ਸਿਤੰਬਰ ਤੱਕ ਹੋਵੇਗਾ ਦਫ਼ਤਰੀ ਕੰਮ ਬੰਦ।
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਮਿਤੀ 27-07-2024 ਨੂੰ ਜਿਲਾ ਮੋਗਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਲਏ ਫ਼ੈਸਲੇ ਅਨੁਸਾਰ ਸਰਕਾਰ ਨੂੰ ਨੋਟਿਸ ਭੇਜ ਕੇ 16-08-2024 ਤੱਕ ਮੰਗਾਂ ਦੀ ਪੂਰਤੀ ਕਰਨ ਲਈ ਲਿਖਿਆ ਗਿਆ ਸੀ ਪਰ ਸਰਕਾਰ ਵੱਲੋਂ ਨਾ ਤਾਂ ਜੱਥੇਬੰਦੀ ਨੂੰ ਮੀਟਿੰਗ ਲਈ ਸੱਦਿਆ ਗਿਆ ਤੇ ਨਾ ਹੀ ਮੰਗਾਂ ਦੀ ਪੂਰਤੀ ਕੀਤੀ ਗਈ।
ਜਿਸ ਦੇ ਰੋਸ ਵਜੋਂ ਅਤੇ ਮੰਗਾਂ ਦੀ ਪੂਰਤੀ ਕਰਵਾਉਣ ਲਈ ਜੱਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰ ਨੂੰ ਮਿਤੀ 04-09-2024 ਤੱਕ ਦਾ ਸਮਾ ਦਿੰਦੇ ਹੋਏ ਇੱਕ ਹੋਰ ਨੋਟਿਸ ਭੇਜਿਆ ਜਾਵੇਗਾ। ਇਸ ਸਾਰੇ ਸਮੇਂ ਦੌਰਾਨ ਮਿਤੀ 23-08-2024 ਨੂੰ ਸਮੁੱਚੇ ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ ਸੂਬੇ ਭਰ ਵਿੱਚ ਡੀ.ਸੀ. ਦਫ਼ਤਰਾਂ ਦੇ ਮੇਨ ਗੇਟਾਂ ਤੇ ਗੇਟ ਰੈਲੀਆਂ ਕਰਨਗੇ। ਮਿਤੀ 26 ਅਤੇ 30 ਅਗਸਤ 2024 ਨੂੰ ਪੂਰੇ ਸੂਬੇ ਅੰਦਰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਦਫ਼ਤਰਾਂ ਅੰਦਰ ਸੰਕੇਤਕ ਧਰਨੇ ਪ੍ਰਦਰਸ਼ਨ ਕਰਨਗੇ।
ਜੇਕਰ ਉਕਤ ਸਮੇਂ ਤੱਕ ਮੰਗਾਂ ਤੇ ਕੋਈ ਕਾਰਵਾਈ ਨਾ ਹੋਈ ਤਾਂ ਮਿਤੀ
05-09-2024 ਤੋਂ 10-09-2024 ਤੱਕ ਸੂਬੇ ਦੇ ਸਮੂਹ ਡੀ.ਸੀ. ਦਫ਼ਤਰਾਂ, ਸਮੂਹ ਐੱਸ.ਡੀ.ਐਮ. ਦਫ਼ਤਰਾਂ, ਸਮੂਹ ਤਹਿਸੀਲ ਅਤੇ ਉਪ ਤਹਿਸੀਲ ਦਫ਼ਤਰਾਂ ਦੇ ਸਾਰੇ ਕਰਮਚਾਰੀ ਦਫ਼ਤਰੀ ਕੰਮ ਬੰਦ ਰੱਖਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 30 ਸਾਲ ਪਹਿਲਾਂ ਬਣਾਈਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਨੌਰਮਜ਼ ਅਨੁਸਾਰ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ, ਜਦੋਂ ਤੱਕ ਅਸਾਮੀਆਂ ਦੀ ਰਚਨਾ ਨਹੀਂ ਹੋਵੇਗੀ, ਓਦੋਂ ਤੱਕ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਕਿਵੇਂ ਮਿਲੇਗੀ।
ਸਰਕਾਰ ਉਹਨਾਂ ਅਸਾਮੀਆਂ ਦੀ ਰਚਨਾ ਕਰੇ ਅਤੇ ਜਿੱਥੇ ਅਸਾਮੀਆਂ ਦੀ ਰਚਨਾ ਹੋ ਕੇ ਸਰਕਾਰ ਨੂੰ ਨਵੇਂ ਕਲਰਕ ਭਰਤੀ ਕਰਨ ਦੀ ਡਿਮਾਂਡ ਗਈ ਹੈ, ਓਥੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਨਵੀਂ ਭਰਤੀ ਜਲਦੀ ਕੀਤੀ ਜਾਵੇ।
