
ਮਾਨਸਾ 28 ਜੂਨ (ਸਾਰਾ ਯਹਾ ਹੀਰਾ ਸਿੰਘ ਮਿੱਤਲ) : ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਆਨਲਾਈਨ ਕਲਾਸਾਂ ਦੇ ਨਾਲ ਨਾਲ ਹੁਣ ਐਤਵਾਰ ਦਾ ਪ੍ਰੋਗਰਾਮ ਵੀ ਬੱਚਿਆਂ ਅਤੇ ਮਾਪਿਆਂ ਦੀ ਖਿੱਚ ਦਾ ਕੇਂਦਰ ਬਣਨ ਲੱਗਿਆ ਹੈ, ਕਰੋਨਾ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਵੱਲ੍ਹੋਂ ਦੂਰਦਰਸ਼ਨ ਅਤੇ ਹੋਰਨਾਂ ਚੈੱਨਲਾਂ ਰਾਹੀ ਬੱਚਿਆਂ ਨੂੰ ਸਿੱਖਿਆ ਪ੍ਰੋਗਰਾਮਾਂ ਨਾਲ ਜੋੜਨਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਮਾਪੇ ਇਸ ਗੱਲੋਂ ਵੀ ਖੁਸ਼ ਹਨ ਕਿ ਨਿਰੰਤਰ ਲੱਗ ਰਹੀਆਂ ਕਲਾਸਾਂ ਨਾਲ ਬੱਚੇ ਹੋਰਨਾਂ ਵਾਧੂ ਪ੍ਰੋਗਰਾਮਾਂ ਦੀ ਥਾਂ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲ੍ਹੋ ਕੀਤੇ ਜਾਂਦੇ ਪ੍ਰੋਗਰਾਮਾਂ ਨੂੰ ਬੇਸਬਰੀ ਨਾਲ ਉਡੀਕਦੇ ਹਨ।
ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਪ੍ਰੋਗਰਾਮ ਨਾਲ ਜਿਥੇਂ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ,ਉਥੇਂ ਉਨ੍ਹਾਂ ਦੇ ਗਿਆਨ ਚ ਵਾਧਾ ਹੁੰਦਾ ਹੈ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸ਼ਾਹੀਆਂ ਦਿੱਤਾ ਲੁੱਡੀ, ਸਰਕਾਰੀ ਪ੍ਰਾਇਮਰੀ ਸਕੂਲ ਫੱਟਾ ਖੇੜਾ ਦੀ ਰਕਸ਼ਾ ਬੰਧਨ ਦੀ ਅੰਗਰੇਜ਼ੀ ਚ ਸਪੀਚ ਅਤੇ ਪ੍ਰਭਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਨੇ ਅਪਣੀ ਪੇਂਟਿੰਗ ਜ਼ਰੀਏ ਘਰ ਬੈਠੇ ਬੱਚਿਆਂ ਤੋਂ ਇਲਾਵਾ ਮਾਪਿਆਂ ਨੂੰ ਪ੍ਰਭਾਵਿਤ ਕੀਤਾ, ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਵੀ ਆਮ ਦਿਨਾਂ ਨਾਲੋ ਵੱਧ ਕਰਕੇ ਅਪਣੇ ਸਕੂਲੀ ਬੱਚਿਆਂ ਲਈ ਸਮਰਪਿਤ ਹਨ। ਪ੍ਰੋਗਰਾਮ ਦੌਰਾਨ ਸਿੱਖਿਆਦਾਇਕ ਕਾਂ ਤੇ ਚਿੜੀ ਦੀ ਕਹਾਣੀ,ਪੇਂਟਿੰਗ ਬਣਾਉਣੀ,ਬੇਕਾਰ ਚੀਜ਼ਾਂ ਤੋਂ ਕਲਾਤਮਿਕ ਚੀਜ਼ਾਂ ਬਣਾਉਣੀਆਂ ਅਤੇ ਹੋਰ ਦਿਲਚਸਪ ਪ੍ਰੋਗਰਾਮ ਬੱਚਿਆਂ ਲਈ ਦਿਲਚਸਪੀ ਦਾ ਕੇਂਦਰ ਬਣਿਆ ਰਿਹਾ।
ਵੱਖ ਵੱਖ ਅਧਿਆਪਕਾਂ ਨੇ ਇਸ ਸਿੱਖਿਆਦਾਇਕ ਅਤੇ ਮਨੋਰੰਜਨ ਪ੍ਰੋਗਰਾਮਾਂ ਦਾ ਸਵਾਗਤ ਕੀਤਾ ਹੈ,ਸਰਕਾਰ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੀ ਹੈੱਡ ਟੀਚਰ ਕਮਲਪ੍ਰੀਤ ਕੌਰ, ਮੋਨਿਕਾ ਵਿਰਕ ਫਫੜੇ ਭਾਈਕੇ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਕਲਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਸਿਰਜਣਾਤਮਕ ਨਾਲ ਜੋੜਨ ਦੀ ਵੱਡੀ ਲੋੜ ਹੈ,ਵਿਭਾਗ ਦਾ ਇਹ ਉਪਰਾਲਾ ਪ੍ਰਸ਼ੰਸਾ ਯੋਗ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ,ਬਲਾਕ ਕੋਆਰਡੀਨੇਟਰ ਸਰਦੂਲਗੜ੍ਹ ਅੰਗਰੇਜ਼ ਸਿੰਘ ਨਾਹਰਾਂ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਔਖ ਵੇਲੇ ਬੱਚਿਆਂ ਲਈ ਇਹ ਪ੍ਰੋਗਰਾਮ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਤਹਿਤ ਬੱਚੇ ਜਿਥੇਂ ਸਿੱਖਿਆ ਪ੍ਰੋਗਰਾਮਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਆਦੀ ਹੋ ਰਹੇ ਹਨ,ਉਥੇਂ ਕਰੋਨਾ ਵਾਇਰਸ ਤੋ ਬਚਣ ਦੀਆਂ ਸਾਵਧਾਨੀਆਂ ਨੂੰ ਵੀ ਸਮਝ ਰਹੇ ਹਨ ਅਤੇ ਉਹ ਅਪਣਾ ਇਧਰ ਉਧਰ ਜਾਣ ਦਾ ਸਮਾਂ ਦੂਰਦਰਸ਼ਨ ਅਤੇ ਹੋਰਨਾਂ ਚੈੱਨਲਾਂ ਰਾਹੀਂ ਚੰਗੇ ਲੇਖੇ ਲਾ ਰਹੇ ਹਨ, ਮਾਪੇ ਵੀ ਖੁਸ਼ ਹਨ ਕਿ ਘਰ ਬੈਠੇ ਸਿੱਖਿਆ ਵਿਭਾਗ ਦੀ ਪਹਿਲ ਕਦਮੀਂ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਲਿਆ ਰਹੀਂ ਹੈ।
